ਟਰੰਪ ਸਰਕਾਰ ਦੀ ਭਾਰਤ ਨੂੰ ਚੇਤਾਵਨੀ! ਰੂਸ ਨਾਲ ਛੱਡੋ ਯਾਰੀ ਨਹੀਂ ਤਾਂ!


ਵਾਸ਼ਿੰਗਟਨ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਪੂਰੀ ਦੁਨੀਆ ਵਿਚ ਥਰਥਲੀ ਮਚਾਈ ਹੋਈ ਹੈ। ਪਹਿਲਾਂ ਹਰ ਦੇਸ਼ ‘ਤੇ ਦੋਹਰਾ ਟੈਰਿਫ਼ ਲਗਾ ਕੇ ਵਪਾਰ ਵਿਚ ਹਲਚਲ ਮਚਾ ਦਿਤੀ ਅਤੇ ਹੁਣ ਸਿੱਧੇ ਤੌਰ ‘ਤੇ ਧੱਕੇਸ਼ਾਹੀ ਦਾ ਸਹਾਰਾ ਲਿਆ ਜਾ ਹੈ। ਜਦੋਂ ਟੈਰਿਫ਼ ਨੂੰ ਲੈ ਕੇ ਭਾਰਤ-ਅਮਰੀਕਾ ਵਪਾਰਕ ਗੱਲਬਾਤ ਚੱਲ ਰਹੀ ਹੈ, ਹੁਣ ਟਰੰਪ ਨੇ ਇਕ ਨਵੀਂ ਧਮਕੀ ਦਿਤੀ ਹੈ। ਅਮਰੀਕਾ ਨੇ ਸਿੱਧੇ ਤੌਰ ‘ਤੇ ਭਾਰਤ ਦਾ ਨਾਮ ਲਿਆ ਹੈ ਅਤੇ ਕਿਹਾ ਹੈ ਕਿ ਜੇਕਰ ਇਹ ਰੂਸ ਨਾਲ ਆਪਣੀ ਦੋਸਤੀ ਜਾਰੀ ਰੱਖਦਾ ਹੈ ਤਾਂ ਉਹ ਆਪਣੇ ਉਤਪਾਦਾਂ ‘ਤੇ 500 ਫ਼ੀ ਸਦ ਟੈਰਿਫ਼ ਲਗਾਏਗਾ।
ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਏਬੀਸੀ ਨਿਊਜ਼ ਨੂੰ ਦਿਤੀ ਇਕ ਇੰਟਰਵਿਊ ਵਿਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਸੈਨੇਟ ਵਿਚ ਇਕ ਬਿੱਲ ਪਾਸ ਕੀਤਾ ਹੈ। ਇਸ ਵਿਚ ਇਕ ਵਿਵਸਥਾ ਹੈ ਕਿ ਜੇਕਰ ਕੋਈ ਦੇਸ਼ ਰੂਸ ਨਾਲ ਵਪਾਰ ਜਾਰੀ ਰੱਖਦਾ ਹੈ ਤਾਂ ਅਮਰੀਕਾ ਆਪਣੇ ਉਤਪਾਦਾਂ ‘ਤੇ 500 ਫ਼ੀ ਸਦ ਟੈਰਿਫ਼ ਲਗਾਏਗਾ। ਸਿੱਧੇ ਤੌਰ ‘ਤੇ ਨਾਮ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਆਪਣੇ 70 ਫ਼ੀ ਸਦ ਸਾਮਾਨ ਰੂਸ ਤੋਂ ਖਰੀਦ ਰਹੇ ਹਨ। ਇਸੇ ਕਾਰਨ ਹੀ ਰੂਸ ਯੁੱਧ ਜਾਰੀ ਰੱਖਣ ਦੇ ਯੋਗ ਹੈ। ਭਾਰਤ ਅਤੇ ਚੀਨ ਨੂੰ ਰੂਸ ਨੂੰ ਛੱਡਦਿਆਂ ਯੂਕਰੇਨ ਦੇ ਸਮਰਥਨ ਵਿਚ ਆਉਣਾ ਪਵੇਗਾ।
ਗ੍ਰਾਹਮ ਨੇ ਕਿਹਾ ਕਿ ਇਸ ਬਿੱਲ ਨੂੰ ਰਿਪਬਲਿਕਨਾਂ ਦੇ ਨਾਲ-ਨਾਲ ਡੈਮੋਕ੍ਰੇਟਿਕ ਸੈਨੇਟਰ ਰਿਚਰਡ ਬਲੂਮੈਂਥਲ ਦਾ ਸਮਰਥਨ ਪ੍ਰਾਪਤ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ 84 ਸੈਨੇਟਰ ਇਸਦੇ ਸਮਰਥਨ ਵਿਚ ਆ ਸਕਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਬਿੱਲ ਅਗਸਤ ਦੇ ਮਹੀਨੇ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਸਾਨੂੰ ਸਪੱਸ਼ਟ ਤੌਰ ‘ਤੇ ਦੱਸਿਆ ਹੈ ਕਿ ਹੁਣ ਬਿੱਲ ‘ਤੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਵਾਲ ਸਟਰੀਟ ਨੇ ਹਾਲ ਹੀ ਵਿਚ ਆਪਣੀ ਰਿਪੋਰਟ ਵਿਚ ਖੁਲਾਸਾ ਕੀਤਾ ਸੀ ਕਿ ਟਰੰਪ ਇਸ ਬਿੱਲ ਨੂੰ ਸਖ਼ਤ ਬਣਾਉਣਾ ਚਾਹੁੰਦੇ ਹਨ ਤਾਂ ਜੋ ਨਿਯਮਾਂ ਨੂੰ ਤੋੜਨ ਵਾਲੇ ਦੇਸ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਦੀ ਕੋਈ ਗੁੰਜਾਇਸ਼ ਨਾ ਰਹੇ।
ਅਮਰੀਕੀ ਗ੍ਰਹਿ ਸਕੱਤਰ ਮਾਰਕੋ ਰੂਬੀਓ ਨੇ ਹਾਲ ਹੀ ਵਿਚ ਕਿਹਾ ਸੀ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਹੁਣ ਤੀਜੇ ਸਾਲ ਵਿਚ ਦਾਖਲ ਹੋ ਗਈ ਹੈ ਅਤੇ ਹੁਣ ਸਿਰਫ਼ ਪਾਬੰਦੀਆਂ ਲਗਾਉਣ ਨਾਲ ਕੰਮ ਨਹੀਂ ਚੱਲੇਗਾ। ਅਜਿਹੀ ਸਥਿਤੀ ਵਿਚ ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਜੇਕਰ ਰੂਸ ਨੂੰ ਪਿੱਛੇ ਹਟਣ ਲਈ ਮਜਬੂਰ ਕਰਨਾ ਹੈ ਤਾਂ ਦੂਜੇ ਦੇਸ਼ਾਂ ‘ਤੇ ਵੀ ਸਖ਼ਤ ਨਿਯਮ ਲਾਗੂ ਕਰਨੇ ਪੈਣਗੇ। ਭਾਰਤ ਅਤੇ ਚੀਨ ਵਰਗੇ ਦੇਸ਼ ਵੀ ਇਸ ਵਿਚ ਸ਼ਾਮਲ ਹੋਣਗੇ।
ਰਿਪਬਲਿਕਨ ਸੈਨੇਟਰ ਨੇ ਕਿਹਾ ਕਿ ਜੇਕਰ ਟਰੰਪ ਦੀ ਨਵੀਂ ਟੈਰਿਫ਼ ਯੋਜਨਾ ਲਾਗੂ ਹੁੰਦੀ ਹੈ, ਤਾਂ ਇਸਦਾ ਭਾਰਤ ਦੇ ਵਪਾਰਕ ਸਬੰਧਾਂ ‘ਤੇ ਡੂੰਘਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਮਿਲ ਕੇ ਰੂਸ ਦੇ ਕੱਚੇ ਤੇਲ ਦਾ 70 ਫ਼ੀ ਸਦ ਖਰੀਦ ਰਹੇ ਹਨ। ਭਾਰਤ ਅਤੇ ਰੂਸ ਵਿਚਕਾਰ ਦੁਵੱਲਾ ਵਪਾਰ 2024-25 ਵਿਚ ਵਧ ਕੇ 68.7 ਬਿਲੀਅਨ ਡਾਲਰ ਹੋ ਗਿਆ ਹੈ, ਜੋ ਕਿ ਕੋਰੋਨਾ ਕਾਲ ਤੋਂ ਪਹਿਲਾਂ ਸਿਰਫ 10.1 ਬਿਲੀਅਨ ਡਾਲਰ ਸੀ। ਇਹ ਉਛਾਲ ਭਾਰਤ ਦੀ ਰੂਸੀ ਕੱਚਾ ਤੇਲ ਖਰੀਦਣ ਦੀ ਵਧੀ ਹੋਈ ਸਮਰੱਥਾ ‘ਤੇ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਨੇ ਰੂਸ ਨੂੰ ਨਿਰਯਾਤ ਵੀ ਵਧਾ ਦਿਤਾ ਹੈ। ਦੋਵਾਂ ਦੇਸ਼ਾਂ ਨੇ ਸਾਲ 2030 ਤੱਕ ਦੁਵੱਲੇ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ।