ਟਰੰਪ ਨੇ ਕੈਨੇਡਾ ‘ਤੇ ਲਗਾਇਆ 35% ਟੈਕਸ

0
canada

ਵਾਸ਼ਿੰਗਟਨ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕੈਨੇਡਾ ਤੋਂ ਆਯਾਤ ਹੋਣ ਵਾਲੀਆਂ ਵਸਤਾਂ ‘ਤੇ 35% ਟੈਰਿਫ ਲਗਾਉਣ ਦਾ ਐਲਾਨ ਕਰ ਦਿਤਾ ਹੈ, ਜੋ 1 ਅਗਸਤ ਤੋਂ ਲਾਗੂ ਹੋਵੇਗਾ। ਇਹ ਕਦਮ ਅਮਰੀਕਾ ਦੇ ਉੱਤਰੀ ਗੁਆਂਢੀ ਅਤੇ ਪ੍ਰਮੁੱਖ ਵਪਾਰਕ ਭਾਈਵਾਲ ਕੈਨੇਡਾ ਨਾਲ ਚੱਲ ਰਹੇ ਵਪਾਰਕ ਤਣਾਅ ਨੂੰ ਹੋਰ ਵਧਾਉਣ ਵਾਲਾ ਹੈ। ਇਸ ਦੇ ਨਾਲ ਹੀ ਟਰੰਪ ਨੇ ਹੋਰ ਵਪਾਰਕ ਭਾਈਵਾਲ ਦੇਸ਼ਾਂ ‘ਤੇ 15% ਤੋਂ 20% ਦੀ ਆਮ ਟੈਰਿਫ ਦਰ ਲਗਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਟਰੰਪ ਨੇ ਇਕ ਇੰਟਰਵਿਊ ਦੌਰਾਨ ਇਹ ਜਾਣਕਾਰੀ ਦਿਤੀ। ਟਰੰਪ ਨੇ ਇਸਨੂੰ “ਕੈਨੇਡਾ ਦੀ ਜਵਾਬੀ ਕਾਰਵਾਈ” ਅਤੇ ਮੌਜੂਦਾ ਵਪਾਰਕ ਰੁਕਾਵਟਾਂ ਦੇ ਜਵਾਬ ਵਿਚ ਚੁੱਕਿਆ ਗਿਆ ਕਦਮ ਦੱਸਿਆ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਇਕ ਪੱਤਰ ਵਿਚ ਇਸ ਟੈਰਿਫ ਦੇ ਕਾਰਨਾਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਨੇ ਕੈਨੇਡਾ ‘ਤੇ ਫੈਂਟਾਨਿਲ ਵਰਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿਚ ਅਸਫਲ ਰਹਿਣ ਅਤੇ ਗੈਰ-ਟੈਰਿਫ ਵਪਾਰ ਰੁਕਾਵਟਾਂ ਦਾ ਆਰੋਪ ਲਗਾਇਆ, ਜੋ ਅਮਰੀਕਾ ਦੇ ਵਪਾਰ ਘਾਟੇ ਨੂੰ ਵਧਾ ਰਹੇ ਹਨ। ਟਰੰਪ ਨੇ ਕਿਹਾ, “ਜੇਕਰ ਕੈਨੇਡਾ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਵਿਚ ਸਹਿਯੋਗ ਕਰਦਾ ਹੈ ਤਾਂ ਅਸੀਂ ਇਸ ਪੱਤਰ ਵਿਚ ਸੋਧ ਕਰਨ ‘ਤੇ ਵਿਚਾਰ ਕਰ ਸਕਦੇ ਹਾਂ।” ਉਨ੍ਹਾਂ ਇਹ ਵੀ ਚੇਤਾਵਨੀ ਦਿਤੀ ਕਿ ਜੇਕਰ ਕੈਨੇਡਾ ਜਵਾਬੀ ਕਾਰਵਾਈ ਕਰਦਾ ਹੈ ਤਾਂ ਟੈਰਿਫ ਦਰਾਂ ਹੋਰ ਵਧਾਈਆਂ ਜਾ ਸਕਦੀਆਂ ਹਨ।

ਟਰੰਪ ਨੇ ਕੈਨੇਡੀਅਨ ਡੇਅਰੀ ਉਤਪਾਦਾਂ ਦੇ ਅਮਰੀਕੀ ਨਿਰਯਾਤ ‘ਤੇ ਲਗਾਏ ਗਏ 250% ਤੋਂ 400% ਤੱਕ ਦੇ ਟੈਰਿਫ ਨੂੰ ਵੀ ਨਿਸ਼ਾਨਾ ਬਣਾਇਆ, ਇਸਨੂੰ ਅਸਾਧਾਰਨ ਅਤੇ ਅਮਰੀਕੀ ਵਪਾਰਕ ਹਿੱਤਾਂ ਲਈ ਨੁਕਸਾਨਦੇਹ ਦੱਸਿਆ। ਉਸਨੇ ਦਾਅਵਾ ਕੀਤਾ ਕਿ ਕੈਨੇਡਾ ਦੀਆਂ ਨੀਤੀਆਂ ਅਮਰੀਕਾ ਦੇ ਵਪਾਰ ਘਾਟੇ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀਆਂ ਹਨ।

ਟਰੰਪ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ‘ਤੇ 15% ਤੋਂ 20% ਦੀ ਆਮ ਟੈਰਿਫ ਦਰ ਲਗਾਈ ਜਾਵੇਗੀ ,ਜੋ ਅਜੇ ਤੱਕ ਵਪਾਰਕ ਸੌਦਿਆਂ ਲਈ ਸਹਿਮਤ ਨਹੀਂ ਹੋਏ ਹਨ। ਉਸਨੇ ਇਸ ਹਫ਼ਤੇ 22 ਤੋਂ ਵੱਧ ਦੇਸ਼ਾਂ ਨੂੰ ਪੱਤਰ ਭੇਜੇ ਹਨ, ਜਿਸ ਵਿਚ ਉਨ੍ਹਾਂ ਨੂੰ ਨਵੀਆਂ ਟੈਰਿਫ ਦਰਾਂ ਬਾਰੇ ਸੂਚਿਤ ਕੀਤਾ ਗਿਆ ਹੈ, ਜਿਸ ਵਿਚ ਬ੍ਰਾਜ਼ੀਲ ਤੋਂ ਆਯਾਤ ‘ਤੇ 50% ਟੈਰਿਫ ਅਤੇ ਤਾਂਬੇ ਦੇ ਆਯਾਤ ‘ਤੇ 50% ਟੈਰਿਫ ਸ਼ਾਮਲ ਹੈ। ਇਸ ਤੋਂ ਇਲਾਵਾ ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਸਹਿਯੋਗੀਆਂ ‘ਤੇ 25% ਟੈਰਿਫ ਦਾ ਐਲਾਨ ਕੀਤਾ ਗਿਆ ਹੈ।

ਟਰੰਪ ਨੇ ਆਪਣੇ ਇੰਟਰਵਿਊ ਵਿਚ ਕਿਹਾ ਕਿ ਅਸੀਂ ਸਿਰਫ਼ ਇਹੀ ਕਹਿ ਰਹੇ ਹਾਂ ਕਿ ਬਾਕੀ ਸਾਰੇ ਦੇਸ਼ਾਂ ਨੂੰ 15% ਜਾਂ 20% ਟੈਰਿਫ ਦਾ ਭੁਗਤਾਨ ਕਰਨਾ ਪਵੇਗਾ। ਅਸੀਂ ਇਹ ਹੁਣ ਫੈਸਲਾ ਕਰਾਂਗੇ। ਵਪਾਰਕ ਗੱਲਬਾਤ ਦੇ ਆਧਾਰ ‘ਤੇ ਇਹਨਾਂ ਟੈਰਿਫਾਂ ਨੂੰ ਉੱਪਰ ਜਾਂ ਹੇਠਾਂ ਐਡਜਸਟ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *