ਟ੍ਰੰਪ ਨੇ ਨਿਊਯਾਰਕ ਟਾਈਮਜ਼ ‘ਤੇ ਕੀਤਾ 15 ਅਰਬ ਡਾਲਰ ਦਾ ਮਾਨਹਾਨੀ ਮੁਕੱਦਮਾ


ਵਾਸ਼ਿੰਗਟਨ, 16 ਸਤੰਬਰ (ਨਿਊਜ਼ ਟਾਊਨ ਨੈਟਵਰਕ) :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਪ੍ਰਸਿੱਧ ਅਖਬਾਰ ਦ ਨਿਊਯਾਰਕ ਟਾਈਮਜ਼ ਵਿਰੁੱਧ 15 ਬਿਲੀਅਨ ਡਾਲਰ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਟਰੰਪ ਨੇ ਅਖਬਾਰ ‘ਤੇ ‘ਕੱਟੜਪੰਥੀ ਖੱਬੇ-ਪੱਖੀ ਡੈਮੋਕ੍ਰੇਟ ਪਾਰਟੀ’ ਦਾ ਮੁੱਖ ਪੱਤਰ ਬਣਨ ਅਤੇ ਪਿਛਲੇ ਦਹਾਕੇ ਤੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਿਹਾ ਹੈ। ਟਰੰਪ ਨੇ ਕਿਹਾ ਕਿ ਨਿਊਯਾਰਕ ਟਾਈਮਜ਼ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਕਾਰੋਬਾਰ ਅਤੇ ਉਨ੍ਹਾਂ ਦੇ ‘ਅਮਰੀਕਾ ਫਸਟ’ ਅਤੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਅੰਦੋਲਨਾਂ ਵਿਰੁੱਧ ਝੂਠੀਆਂ ਰਿਪੋਰਟਾਂ ਪ੍ਰਕਾਸ਼ਤ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਖਬਾਰ ਨੇ ਰਾਸ਼ਟਰਪਤੀ ਦੀ ਦੌੜ ਵਿੱਚ ਉਨ੍ਹਾਂ ਦੀ ਡੈਮੋਕ੍ਰੇਟਿਕ ਵਿਰੋਧੀ ਕਮਲਾ ਹੈਰਿਸ ਦੇ ਸਮਰਥਨ ਵਿੱਚ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੇ ਬਿਆਨਾਂ ਨੂੰ ਮੁੱਖ ਪੰਨੇ ‘ਤੇ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ, ਜਿਸ ਨੂੰ ਉਨ੍ਹਾਂ ਨੇ ਗੈਰ-ਕਾਨੂੰਨੀ ਚੋਣ ਚੰਦਾ ਕਰਾਰ ਦਿਤਾ।ਟਰੰਪ ਨੇ ਕਿਹਾ ਕਿ ਉਹ ਹੁਣ ਇਸ ਕਿਸੇ ਸਮੇਂ ਦੇ ਸਤਿਕਾਰਯੋਗ ਰਹੇ ਅਖਬਾਰ ਵਿਰੁੱਧ ਕਾਰਵਾਈ ਕਰਨ ‘ਤੇ ਮਾਣ ਮਹਿਸੂਸ ਕਰ ਰਹੇ ਹਨ, ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕਈ ਹੋਰ ਮੀਡੀਆ ਸੰਸਥਾਵਾਂ ਵਿਰੁੱਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਨਿਊਯਾਰਕ ਟਾਈਮਜ਼ ਨੂੰ ਉਨ੍ਹਾਂ ਵਿਰੁੱਧ ਖੁੱਲ੍ਹ ਕੇ ਝੂਠ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ, ਜੋ ਕਿ ਅਸਵੀਕਾਰਨਯੋਗ ਅਤੇ ਗੈਰ-ਕਾਨੂੰਨੀ ਹੈ। ਮੁਕੱਦਮਾ ਫਲੋਰੀਡਾ ਰਾਜ ਵਿੱਚ ਦਾਇਰ ਕੀਤਾ ਜਾਵੇਗਾ। ਨਿਊਯਾਰਕ ਟਾਈਮਜ਼ ਵਿਰੁੱਧ ਟਰੰਪ ਦੀ ਕਾਨੂੰਨੀ ਲੜਾਈ ਏਬੀਸੀ ਨਿਊਜ਼ ਅਤੇ ਸੀਬੀਐਸ ਵਰਗੇ ਹੋਰ ਮੀਡੀਆ ਹਾਊਸਾਂ ਵਿਰੁੱਧ ਉਨ੍ਹਾਂ ਦੇ ਪਿਛਲੇ ਮੁਕੱਦਮਿਆਂ ਤੋਂ ਬਾਅਦ ਆਈ ਹੈ, ਜਿਨ੍ਹਾਂ ਦੋਵਾਂ ਦਾ ਨਿਪਟਾਰਾ ਅਦਾਲਤ ਤੋਂ ਬਾਹਰ ਹੋ ਗਿਆ ਸੀ।