ਡਿਊਟੀ ‘ਤੇ ਜਾ ਰਹੇ ਬੀਐਸਐਫ਼ ਜਵਾਨਾਂ ਨੂੰ ਮਿਲੀ ਖਸਤਾ ਹਾਲ ਰੇਲਗੱਡੀ, 4 ਰੇਲਵੇ ਅਫ਼ਸਰ ਮੁਅੱਤਲ


ਨਵੀਂ ਦਿੱਲੀ, 11 ਜੂਨ (ਨਿਊਜ਼ ਟਾਊਨ ਨੈਟਵਰਕ) : ਅਮਰਨਾਥ ਯਾਤਰਾ ਲਈ ਡਿਊਟੀ ‘ਤੇ ਜਾ ਰਹੇ 1200 ਬੀਐਸਐਫ ਜਵਾਨਾਂ ਨੇ ਰੇਲਗੱਡੀ ਦੀ ਮਾੜੀ ਹਾਲਤ ਦੇਖ ਕੇ ਉਸ ‘ਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਰੇਲਵੇ ਮੰਤਰਾਲੇ ਨੇ ਇਸ 5 ਦਿਨ ਪੁਰਾਣੇ ਮਾਮਲੇ ਵਿੱਚ 4 ਰੇਲਵੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਜਵਾਨਾਂ ਨੂੰ 6 ਜੂਨ ਨੂੰ ਤ੍ਰਿਪੁਰਾ ਤੋਂ ਅਮਰਨਾਥ ਜਾਣਾ ਸੀ। ਨੌਰਥ ਈਸਟ ਫਰੰਟੀਅਰ ਰੇਲਵੇ (ਐਨਐਫਆਰ) ਵੱਲੋਂ ਜਵਾਨਾਂ ਨੂੰ ਦਿੱਤੀ ਗਈ ਰੇਲਗੱਡੀ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਟੁੱਟੇ ਹੋਏ ਸਨ।
ਰੇਲਗੱਡੀ ਦਾ ਵੀਡੀਓ ਵੀ ਹੁਣ ਸਾਹਮਣੇ ਆਇਆ ਹੈ। ਇਸ ਵਿੱਚ ਟਾਇਲਟ ਟੁੱਟਿਆ ਹੋਇਆ ਹੈ, ਲਾਈਟ ਨਹੀਂ ਸੀ। ਸੀਟਾਂ ‘ਤੇ ਗੱਦੇ ਵੀ ਗਾਇਬ ਸਨ। ਫਰਸ਼ ‘ਤੇ ਕਾਕਰੋਚ ਦਿਖਾਈ ਦੇ ਰਹੇ ਸਨ। ਜਵਾਨਾਂ ਵੱਲੋਂ ਇਨਕਾਰ ਕਰਨ ਤੋਂ ਬਾਅਦ 10 ਜੂਨ ਨੂੰ ਇੱਕ ਹੋਰ ਰੇਲਗੱਡੀ ਪ੍ਰਦਾਨ ਕੀਤੀ ਗਈ।
ਅਮਰਨਾਥ ਯਾਤਰਾ ਪਹਿਲੀ ਵਾਰ 38 ਦਿਨਾਂ ਲਈ ਆਯੋਜਿਤ ਕੀਤੀ ਜਾ ਰਹੀ ਹੈ। ਇਹ 3 ਜੁਲਾਈ ਤੋਂ 9 ਅਗਸਤ ਤੱਕ ਚੱਲੇਗੀ। ਇਹ 9 ਅਗਸਤ ਨੂੰ ਰੱਖੜੀ ਵਾਲੇ ਦਿਨ ਛੜੀ ਮੁਬਾਰਕ ਨਾਲ ਸਮਾਪਤ ਹੋਵੇਗੀ। ਇਸ ਸਾਲ ਯਾਤਰਾ ਦੀ ਮਿਆਦ ਪਿਛਲੇ ਸਾਲ 52 ਦਿਨਾਂ ਦੇ ਮੁਕਾਬਲੇ ਘਟਾ ਕੇ 38 ਦਿਨ ਕਰ ਦਿੱਤੀ ਗਈ ਹੈ।
ਅਮਰਨਾਥ ਤੀਰਥ ਯਾਤਰਾ ਦੀ ਡਿਊਟੀ ਲਈ ਫੌਜੀਆਂ ਨੂੰ ਕਸ਼ਮੀਰ ਪਹੁੰਚਣਾ ਸੀ। ਜਿਸ ਰੇਲਗੱਡੀ ਵਿੱਚ ਉਨ੍ਹਾਂ ਨੇ ਯਾਤਰਾ ਕਰਨੀ ਸੀ, ਉਸ ਦਾ ਬੀਐਸਐਫ ਕੰਪਨੀ ਕਮਾਂਡਰ ਨੇ ਨਿਰੀਖਣ ਕੀਤਾ ਤਾਂ ਉਹ ਰੇਲਗੱਡੀ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਨਿਰੀਖਣ ਤੋਂ ਬਾਅਦ ਪਤਾ ਲੱਗਾ ਕਿ ਡੱਬੇ ਮਹੀਨਿਆਂ ਤੋਂ ਵਰਤੇ ਨਹੀਂ ਗਏ ਸਨ।
ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ 6 ਜੂਨ ਨੂੰ ਰਵਾਨਾ ਹੋਣ ਵਾਲੀ ਰੇਲਗੱਡੀ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਰਨ ਇਹ ਹੈ ਕਿ ਬੀਐਸਐਫ ਨੇ ਰੇਲਗੱਡੀ ਦੀਆਂ ਕਮੀਆਂ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ। ਇਸ ਕਾਰਨ ਉਨ੍ਹਾਂ ਨੂੰ ਹੁਣ ਇੱਕ ਹੋਰ ਰੇਲਗੱਡੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਨਵੀਂ ਰੇਲਗੱਡੀ ਮੰਗਲਵਾਰ ਨੂੰ ਰਵਾਨਾ ਕਰ ਦਿੱਤੀ ਗਈ।
ਬੀਐਸਐਫ਼ ਜਵਾਨਾਂ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਕਾਂਗਰਸ ਕੇਂਦਰ ਸਰਕਾਰ ‘ਤੇ ਹਮਲਾਵਰ ਹੋ ਗਈ ਹੈ। ਕਾਂਗਰਸ ਨੇ ਸੋਸ਼ਲ ਮੀਡੀਆਂ ਤੇ ਇਕ ਤਸਵੀਰ ਸਾਂਝੀ ਕਰਦਿਆਂ ਸਵਾਲ ਕੀਤਾ – ਕੀ ਮੋਦੀ ਇੰਨੀ ਮਾੜੀ ਗੁਣਵੱਤਾ ਵਾਲੀ ਰੇਲਗੱਡੀ ਵਿੱਚ ਯਾਤਰਾ ਕਰਨਗੇ?
