ਸੰਦੀਪ ਸਿੰਘ ਉਤੇ ਤਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ :ਹਰਨਾਮ ਸਿੰਘ ਧੁੰਮਾ

0
Screenshot 2025-09-17 194419

ਦਮਦਮੀ ਟਕਸਾਲ ਕਾਨੂੰਨੀ ਕਾਰਵਾਈ ਲਈ ਹਰ ਪੱਧਰ ’ਤੇ ਦੇਵੇਗੀ ਸਾਥ
(ਨਿਊਜ਼ ਟਾਊਨ ਨੈਟਵਰਕ)
ਚੌਕ ਮਹਿਤਾ, 17 ਸਤੰਬਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਜੇਲ ਵਿਚ ਬੰਦ ਸਿੱਖ ਕੈਦੀ ਭਾਈ ਸੰਦੀਪ ਸਿੰਘ ’ਤੇ ਹੋਏ ਬੇਹੱਦ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਕਿ ਸਰਕਾਰ ਤੇ ਜੇਲ ਪ੍ਰਸ਼ਾਸਨ ਇਹ ਭੁੱਲ ਨਾ ਕਰੇ ਕਿ ਸਿੱਖ ਕੈਦੀਆਂ ’ਤੇ ਹੋ ਰਹੇ ਜ਼ੁਲਮ ਚੁੱਪਚਾਪ ਸਹੇ ਜਾ ਸਕਦੇ ਹਨ। ਜੇਕਰ ਭਾਈ ਸੰਦੀਪ ਸਿੰਘ ’ਤੇ ਤਸ਼ੱਦਦ ਤੁਰੰਤ ਨਾ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਭਾਰੀ ਹੋਣਗੇ ਅਤੇ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਉਤੇ ਹੋਵੇਗੀ। ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਖ਼ੁਲਾਸਾ ਕੀਤਾ ਕਿ ਜੇਲ੍ਹ ਅੰਦਰ ਭਾਈ ਸੰਦੀਪ ਸਿੰਘ ਨਾਲ ਉਸ ਵਕਤ ਬੇਰਹਿਮ ਕੁੱਟਮਾਰ ਕੀਤੀ ਗਈ ਜਦੋਂ ਉਸ ਦਾ ਝਗੜਾ ਸਿੱਖ ਨੌਜਵਾਨਾਂ ਨੂੰ ਫ਼ਰਜ਼ੀ ਮੁਕਾਬਲਿਆਂ ’ਚ ਮਾਰਨ ਦੇ ਦੋਸ਼ ’ਚ ਸਜ਼ਾ ਕੱਟ ਰਹੇ ਡੀਐਸਪੀ ਅਤੇ ਦੋ ਇੰਸਪੈਕਟਰਾਂ ਨਾਲ ਹੋਇਆ। ਇਹ ਕਾਰਵਾਈ ਨਾ ਸਿਰਫ਼ ਕਾਨੂੰਨੀ ਹੱਦਾਂ ਦੀ ਉਲੰਘਣਾ ਹੈ, ਸਗੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਭਾਰੀ ਤੌਰ ’ਤੇ ਤੌਹੀਨ ਵੀ ਹੈ। ਇਸ ਅਣਮਨੁੱਖੀ ਸਲੂਕ ਨੇ ਪੂਰੇ ਸਿੱਖ ਸਮਾਜ ਵਿੱਚ ਰੋਸ ਦੀ ਲਹਿਰ ਪੈਦਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਭਾਈ ਸੰਦੀਪ ਸਿੰਘ ਦਾ ਤੁਰੰਤ ਮੈਡੀਕਲ ਕਰਵਾ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਤਸ਼ੱਦਦ ਲਈ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਸਵਾਲ ਖੜ੍ਹਾ ਕੀਤਾ ਕਿ ਭਾਈ ਸੰਦੀਪ ਸਿੰਘ ਨੂੰ ਅਚਾਨਕ ਸੰਗਰੂਰ ਜੇਲ੍ਹ ਕਿਉਂ ਤਬਦੀਲ ਕੀਤਾ ਗਿਆ? ਜੇ ਮਾਮਲਾ ਸੰਜੀਦਾ ਨਹੀਂ ਸੀ ਤਾਂ ਉਸ ਨੂੰ ਪਟਿਆਲਾ ਤੋਂ ਕਿਉਂ ਹਟਾਇਆ ਗਿਆ? ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫ਼ੌਰੀ ਤੌਰ ’ਤੇ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਥਾਣਾ ਤ੍ਰਿਪੜੀ ਵਿੱਚ ਦਰਜ ਕੀਤਾ ਗਿਆ ਇਰਾਦਾ ਕਤਲ ਦਾ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਖ਼ਾਲਸਾ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਪਹਿਲਾਂ ਵੀ ਸਿੱਖਾਂ ਨੂੰ ਫ਼ਰਜ਼ੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਹੈ ਅਤੇ ਹੁਣ ਜੇਲ੍ਹਾਂ ਅੰਦਰ ਹੋ ਰਹੇ ਜ਼ੁਲਮਾਂ ਨੂੰ ਵੀ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਮਦਮੀ ਟਕਸਾਲ ਨੇ ਐਲਾਨ ਕੀਤਾ ਹੈ ਕਿ ਉਹ ਭਾਈ ਸੰਦੀਪ ਸਿੰਘ ਦੀ ਕਾਨੂੰਨੀ ਪੈਰਵੀ ਕਰੇਗੀ ਅਤੇ ਹਰ ਪੱਧਰ ’ਤੇ ਉਸ ਦੇ ਹੱਕ ਵਿੱਚ ਡਟ ਕੇ ਖੜ੍ਹੀ ਰਹੇਗੀ। ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਹਮੇਸ਼ਾ ਆਪਣੀਆਂ ਧਾਰਮਿਕ ਤੇ ਮਾਨਵੀ ਮੁੱਲਾਂ ਦੀ ਰੱਖਿਆ ਲਈ ਸੁਚੇਤ ਰਹੀ ਹੈ ਅਤੇ ਕਿਸੇ ਵੀ ਸਿੱਖ ਕੈਦੀ ਨਾਲ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਦਮਦਮੀ ਟਕਸਾਲ ਖ਼ਾਮੋਸ਼ ਨਹੀਂ ਬੈਠੇਗੀ।

Leave a Reply

Your email address will not be published. Required fields are marked *