ਸੱਤਾਧਾਰੀ ਧਿਰ ਦੇ ਦਬਾਅ ਹੇਠ ਪੁਲਿਸ ਨੇ ਸਰਪੰਚ ਤੇ ਗੁਰੂ ਘਰ ਪ੍ਰਧਾਨ ਵਿਰੁਧ ਝੂਠਾ ਚੋਰੀ ਦਾ ਮਾਮਲਾ ਦਰਜ ਕੀਤਾ

0
WhatsApp Image 2025-06-03 at 1.42.49 PM

ਜਲੰਧਰ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਹਲਕਾ ਕਰਤਾਰਪੁਰ ਵਿੱਚ ਪੈਂਦੇ ਪਿੰਡ ਧਾਲੀਵਾਲ ਕਾਦੀਆਂ ਦੇ ਸਰਪੰਚ ਮਨਦੀਪ ਕੁਮਾਰ, ਗੁਰੂ ਘਰ ਦੇ ਪ੍ਰਧਾਨ ਧਰਮਪਾਲ ਦੇ ਸਮਰਥਨ ਵਿੱਚ ਆਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਸੱਤਾਧਾਰੀ ਧਿਰ ਵੱਲੋਂ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ‘ਤੇ ਝੂਠੇ ਪਰਚੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਧਾਰੀ ਧਿਰ ਵੱਲੋਂ ਧਾਲੀਵਾਲ ਕਾਦੀਆਂ ਗੁਰੂ ਘਰ ਦੇ ਪ੍ਰਧਾਨ ਧਰਮਪਾਲ, ਪਿੰਡ ਦੇ ਮੌਜ਼ੂਦਾ ਸਰਪੰਚ ਮਨਦੀਪ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਸਿਰਫ ਇਸ ਕਰਕੇ ਚੋਰੀ ਦਾ ਝੂਠਾ ਪਰਚਾ ਦਰਜ ਕਰਾਇਆ ਗਿਆ ਹੈ ਤਾਂ ਕਿ ਧਰਮਪਾਲ ਨੂੰ ਗੁਰੂ ਘਰ ਦੀ ਪ੍ਰਧਾਨਗੀ ਤੋਂ ਧੱਕੇ ਨਾਲ ਹਟਾਇਆ ਜਾ ਸਕੇ ਤੇ ਸੱਤਾਧਾਰੀ ਧਿਰ ਨਾਲ ਸੰਬੰਧਿਤ ਕਿਸੇ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਾ ਸਕੇ।
ਅੱਜ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਸਪਾ ਆਗੂ ਨੇ ਕਿਹਾ ਕਿ ਸੱਤਾਧਾਰੀ ਧਿਰ ਇੰਨੇ ਹੇਠਲੇ ਪੱਧਰ ‘ਤੇ ਆ ਗਈ ਹੈ ਕਿ ਪਿੰਡ ਦੇ ਗੁਰੂ ਘਰ ਦੀਆਂ ਪ੍ਰਧਾਨਗੀਆਂ ਲਈ ਵੀ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਨ੍ਹਾਂ ‘ਤੇ ਝੂਠੇ ਪਰਚੇ ਪਾਏ ਜਾ ਰਹੇ ਹਨ। ਪਿੰਡ ਧਾਲੀਵਾਲ ਕਾਦੀਆਂ ਦੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੇ ਪ੍ਰਧਾਨ ਧਰਮਪਾਲ ਹਨ, ਪਰ ਸੱਤਾਧਾਰੀ ਧਿਰ ਦੇ ਬੰਦਿਆਂ ਵੱਲੋਂ ਪਿੰਡ ਦੀ ਸੰਗਤ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਧੱਕੇ ਨਾਲ ਲਾਹੁਣ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਲੈ ਕਿ ਉੱਥੇ ਤਕਰਾਰ ਹੋ ਗਈ। ਪਰ ਥਾਣਾ ਲਾਂਬੜਾ ਪੁਲਿਸ ਨੇ ਪਹਿਲਾਂ ਇਕਤਰਫਾ ਕਾਰਵਾਈ ਕਰਦਿਆਂ ਪਿੰਡ ਦੇ ਸਰਪੰਚ ਜਿਹੜੇ ਲਗਾਤਾਰ ਦੁਜੀ ਵਾਰ ਸਰਪੰਚ ਬਣੇ ਹਨ ਅਤੇ ਪਹਿਲਾਂ ਉਹ ਪੰਚਾਇਤ ਮੈਂਬਰ ਰਹੇ ਹਨ, ਉਨ੍ਹਾਂ ‘ਤੇ ਅਤੇ ਉਨ੍ਹਾਂ ਨਾਲ ਗੁਰੂ ਘਰ ਦੇ ਪ੍ਰਧਾਨ ਧਰਮਪਾਲ ਸਮੇਤ 9 ਬੰਦਿਆਂ ‘ਤੇ ਨਾਮ ਸਹਿਤ ਅਤੇ ਹੋਰ ਅਣਪਛਾਤੇ ਲੋਕਾਂ ‘ਤੇ ਸੱਤਾਧਾਰੀ ਧਿਰ ਨਾਲ ਸਬੰਧਤ ਭਰਤ ਸਰੋਏ ਦੇ ਬਿਆਨਾਂ ‘ਤੇ ਝੂਠਾ ਚੋਰੀ ਦਾ ਪਰਚਾ ਐਫਆਈਆਰ ਨੰਬਰ 38/25 ਧਾਰਾ 303 (2), 351( 2), 190 ਬੀਐਨਐਸ ਤਹਿਤ ਦਰਜ ਕਰ ਦਿੱਤਾ ਕਿ ਸਰਪੰਚ ਤੇ ਉਸਦੇ ਸਾਥੀਆਂ ਨੇ ਉਸਦੀ ਜੇਬ ਵਿੱਚੋਂ 50 ਹਜ਼ਾਰ ਰੁਪਏ ਕੱਢੇ ਹਨ।
ਇਸ ਸਬੰਧੀ ਜਦੋਂ ਐਸਐਸਪੀ ਦਿਹਾਤੀ ਨੂੰ ਮਿਲੇ ਤਾਂ ਪੁਲਿਸ ਨੇ ਜਾਂਚ ਕਰਕੇ ਚੋਰੀ ਦੀ ਧਾਰਾ 303 ਨੂੰ ਹਟਾ ਦਿੱਤਾ ਕਿ 50 ਹਜ਼ਾਰ ਕੱਢਣ ਦੀ ਕੋਈ ਗੱਲ ਨਹੀਂ।
ਪਰ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਥਾਣਾ ਲਾਂਬੜਾ ਦੇ ਐਸਐਚਓ ਬਲਬੀਰ ਸਿੰਘ ਤੇ ਡੀਐਸਪੀ ਕਰਤਾਰਪੁਰ ਵਿਜੈ ਕੁੰਵਰ ਨੇ ਮੁੜ ਉਸ ਧਾਰਾ ਨੂੰ ਲਗਾ ਦਿੱਤਾ ਅਤੇ ਐਸਐਚਓ ਲਾਂਬੜਾ ਨੇ ਇਸ ਮਾਮਲੇ ਵਿੱਚ ਨਾਮਜ਼ਦ ਐਂਜਲ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ, ਜਿਹੜਾ ਅਜੇ ਤੱਕ ਜੇਲ੍ਹ ਵਿੱਚ ਹੀ ਹੈ। ਉਸਨੂੰ ਜੇਲ੍ਹ ਭੇਜਣ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਪਿੰਡ ਦੇ ਸਰਪੰਚ ਤੇ ਗੁਰੂ ਘਰ ਦੇ ਪ੍ਰਧਾਨ ਧਰਮਪਾਲ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਪ੍ਰਧਾਨਗੀ ਛੱਡ ਦੇਣ, ਨਹੀਂ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਹੀ ਜੇਲ੍ਹ ਭੇਜਿਆ ਜਾਵੇਗਾ। ਇਸ ਤਰ੍ਹਾਂ ਪੁਲਿਸ ਵੱਲੋਂ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਦੂਜੀ ਧਿਰ ਵਲੋਂ ਧਰਮਪਾਲ ਦੇ ਘਰ ਆ ਕੇ 22 ਮਈ ਨੂੰ ਹਮਲਾ ਵੀ ਕੀਤਾ ਗਿਆ ਸੀ ਤੇ ਇਸ ਸੰਬੰਧ ਵਿੱਚ 23 ਮਈ ਨੂੰ ਧਰਮਪਾਲ ਦੀ ਪਤਨੀ ਬਲਜੀਤ ਕੌਰ ਵੱਲੋਂ ਦਰਖਾਸਤ ਵੀ ਥਾਣਾ ਲਾਂਬੜਾ ਪੁਲਿਸ ਨੂੰ ਦਿੱਤੀ ਗਈ ਸੀ, ਪਰ ਪੁਲਿਸ ਨੇ ਕੋਈ ਨੋਟਿਸ ਨਹੀਂ ਲਿਆ। ਉਲਟਾ ਸਰਪੰਚ, ਧਰਮਪਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਹੀ ਦਬਾਉਣ ਵਿਚ ਲੱਗੀ ਹੋਈ ਹੈ, ਕਿਉੰਕਿ ਇਹ ਸੱਤਾਧਾਰੀ ਧਿਰ ਆਪ ਨਾਲ ਸੰਬਧਿਤ ਨਹੀਂ ਹਨ। ਇਸ ਮਾਮਲੇ ਵਿੱਚ ਥਾਣਾ ਲਾਂਬੜਾ ਮੁਖੀ ਬਲਬੀਰ ਸਿੰਘ ਵੱਲੋਂ ਲਗਾਤਾਰ ਇੱਕਤਰਫਾ ਚੱਲ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਡੀਜੀਪੀ ਪੰਜਾਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਕਿ ਇਸ ਮਾਮਲੇ ਵਿੱਚ ਇਨਸਾਫ਼ ਕੀਤਾ ਜਾਵੇ ਤੇ ਚੋਰੀ ਦਾ ਝੂਠਾ ਪਰਚਾ ਰੱਦ ਕੀਤਾ ਜਾਵੇ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਧਰਮਪਾਲ, ਸਰਪੰਚ ਮਨਦੀਪ ਕੁਮਾਰ ਤੇ ਹੋਰਾਂ ਨੇ ਕਿਹਾ ਕਿ ਉਹ ਬਿਲਕੁਲ ਬੇਗੁਨਾਹ ਹਨ। ਉਨ੍ਹਾਂ ਕੋਈ ਵੀ ਚੋਰੀ ਨਹੀਂ ਕੀਤੀ। ਫੇਰ ਵੀ ਜੇਕਰ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਚੋਰੀ ਦੇ ਮਾਮਲੇ ਵਿੱਚ ਧੱਕੇ ਨਾਲ ਜੇਲ੍ਹ ਭੇਜਣਾ ਚਾਹੁੰਦਾ ਹੈ ਤਾਂ ਉਹ ਉਸ ਲਈ ਵੀ ਤਿਆਰ ਹਨ, ਪਰ ਉਹ ਬੇਗੁਨਾਹ ਹਨ। ਇਸ ਮੌਕੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਜਸਵੰਤ ਸਿੰਘ ਪੱਪੂ ਗਾਖਲ ਨੇ ਕਿਹਾ ਕਿ ਉਹ ਪੀੜਤਾਂ ਦੇ ਨਾਲ ਖੜ੍ਹੇ ਹਨ ਤੇ ਜੇਕਰ ਪੁਲਿਸ ਝੂਠੇ ਪਰਚੇ ਵਿੱਚ ਸਰਪੰਚ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਭੇਜੇਗੀ ਤਾਂ ਇਲਾਕੇ ਦੇ ਲੋਕ ਵੀ ਉਨ੍ਹਾਂ ਨਾਲ ਜੇਲ੍ਹ ਵਿੱਚ ਜਾਣਗੇ।
ਪ੍ਰੈੱਸ ਕਾਨਫਰੰਸ ਦੌਰਾਨ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸੇ ਤਰ੍ਹਾਂ ਗੱਦੋਵਾਲੀ ਦੇ ਮਾਮਲੇ ਵਿੱਚ ਲਾਂਬੜਾ ਪੁਲਿਸ ਵੱਲੋਂ ਐਫਆਈਆਰ 17/25 ਦਰਜ ਕੀਤੀ ਗਈ, ਜਿਸ ਵਿੱਚ ਧਾਰਾ 452 ਨਜਾਇਜ਼ ਲਗਾਈ ਗਈ ਹੈ।
ਇਸ ਮੌਕੇ ਬਸਪਾ ਆਗੂ ਗੁਰਮੇਲ ਚੁੰਬਰ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਕੁਮਾਰ, ਕਮਲ ਬਾਦਸ਼ਾਹਪੁਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *