ਨੀਟ ‘ਚੋਂ ਮਾਲੇਰਕੋਟਲਾ ਦੀ ਟਿਸ਼ਾ ਜੈਨ ਪੰਜਾਬ ਦੀ ਟਾਪਰ

ਟਿਸ਼ਾ ਨੇ ਪੂਰੇ ਦੇਸ਼ ‘ਚੋਂ ਹਾਸਲ ਕੀਤਾ 51ਵਾਂ ਰੈਂਕ

ਨੀਟ ‘ਚੋਂ ਮਾਲੇਰਕੋਟਲਾ ਦੀ ਟਿਸ਼ਾ ਜੈਨ ਪੰਜਾਬ ਦੀ ਟਾਪਰ
ਮਾਲੇਰਕੋਟਲਾ, 14 ਜੂਨ (ਮੁਨਸ਼ੀ ਫਾਰੂਕ) : 4 ਮਈ ਨੂੰ ਦੇਸ਼ ਭਰ ‘ਚ ਹੋਈ ਨੀਟ (ਯੂ.ਜੀ) ਦੀ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿਚ ਅੱਜ ਮਾਲੇਰਕੋਟਲਾ ਦੀ ”ਟਿਸ਼ਾ ਜੈਨ” ਨੇ 51ਵਾਂ ਰੈਂਕ ਹਾਸਲ ਕਰਦਿਆਂ ਪੰਜਾਬ ਭਰ ਦੀਆਂ ਕੁੜੀਆਂ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜਿਵੇਂ ਹੀ ਨਤੀਜੇ ਬਾਰੇ ਪਤਾ ਲੱਗਾ ਤਾਂ ਟਿਸ਼ਾ ਜੈਨ ਦੇ ਪਿਤਾ ਗੌਰਵ ਜੈਨ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਟਿਸ਼ਾ ਜੈਨ ਨੇ ਕਿਹਾ ਕਿ ਮੇਰੀ ਉਕਤ ਕਾਮਯਾਬੀ ਦਾ ਸਿਹਰਾ ਮੇਰੇ ਪਰਿਵਾਰ ਨੂੰ ਜਾਂਦਾ ਹੈ ਜਿਨ੍ਹਾਂ ਸ਼ੁਰੂ ਤੋਂ ਹੀ ਮੇਰੇ ਡਾਕਟਰ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਮੇਰਾ ਸਾਥ ਦਿਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਮੈਂ ਡਾਕਟਰ ਬਣ ਕੇ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਕਰਾਂ। ਟਿਸ਼ਾ ਜੈਨ ਦੇ ਪਿਤਾ ਗੌਰਵ ਜੈਨ ਨੇ ਕਿਹਾ ਕਿ ਬੇਟੀ ਟਿਸ਼ਾ ਜੈਨ ਨੇ ਸ਼ੁਰੂ ਤੋਂ ਹੀ ਡਾਕਟਰ ਬਣਨ ਲਈ ਨਿਸ਼ਚਿਤ ਕੀਤਾ ਹੋਇਆ ਸੀ ਅਤੇ ਅਸੀਂ ਬੇਟੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਵੀ ਪੂਰਨ ਸਹਿਯੋਗ ਦਿਤਾ। ਅੱਜ ਉਹ ਆਪਣੀ ਡਾਕਟਰੀ ਦੇ ਸੁਪਨੇ ਦੇ ਪਹਿਲੇ ਪੜ੍ਹਾਅ ਨੂੰ ਪੂਰਾ ਕਰਦਿਆਂ ਨੀਟ ਦੀ ਪ੍ਰੀਖਿਆ ਵਿਚ 51ਵਾਂ ਰੈਂਕ ਹਾਸਲ ਕੀਤਾ ਹੈ।
ਬੇਟੀ ”ਟਿਸ਼ਾ ਜੈਨ” ‘ਤੇ ਸਾਨੂੰ ਮਾਣ ਹੈ : ਡਾਇਰੈਕਟਰ ਸੋਮ ਪ੍ਰਕਾਸ਼
ਟਿਸ਼ਾ ਜੈਨ ਨੇ ਆਪਣੀ ਮੁਢਲੀ ਪੜ੍ਹਾਈ ਮੈਕਸ ਦਿੱਲੀ ਪਬਲਿਕ ਸਕੂਲ ਤੋਂ ਕੀਤੀ ਹੈ, ਜਿਉਂ ਹੀ ਟਿਸ਼ਾ ਜੈਨ ਦੀ ਇਸ ਪ੍ਰਾਪਤੀ ਦੀ ਜਾਣਕਾਰੀ ਸਕੂਲ ਦੇ ਡਾਇਰੈਕਟਰ ਸੋਮ ਪ੍ਰਕਾਸ਼ ਨੂੰ ਮਿਲੀ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਨ੍ਹਾਂ ਕਿਹਾ ਕਿ ਬੇਟੀ ਟਿਸ਼ਾ ਜੈਨ ‘ਤੇ ਉਨ੍ਹਾਂ ਨੂੰ ਮਾਣ ਹੈ ਅਤੇ ਉਹ ਉਨ੍ਹਾਂ ਦੇ ਸਕੂਲ ਦੀ ਹੋਣਹਾਰ ਵਿਦਿਆਰਥਣ ਸੀ ਜਿਸ ਨੇ ਬਾਰਵੀਂ ਦੇ ਨਤੀਜਿਆਂ ‘ਚੋਂ ਵੀ 94 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ।