AAP ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਸਣੇ ਤਿੰਨ ਲੋਕਾਂ ਨੂੰ 2-2 ਸਾਲ ਦੀ ਕੈਦ

0
ANMOL GAGAN MANN HUSBAND

ਸਾਢੇ 3 ਕਰੋੜ ਰੁਪਏ ਦੇ ਚੈਕ ਬਾਊਂਸ ਮਾਮਲੇ ‘ਚ ਹੋਈ ਸਜ਼ਾ, ਅਦਾਲਤ ਨੇ ਜੁਰਮਾਨਾ ਵੀ ਲਾਇਆ

ਮੋਹਾਲੀ, 17 ਮਾਰਚ (ਨਿਊਜ਼ ਟਾਊਨ ਨੈਟਵਰਕ) : ਡੇਰਾਬੱਸੀ ਦੀ ਅਦਾਲਤ ਨੇ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਮੇਤ 3 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2-2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਅਦਾਲਤ ਨੇ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ ਸਿੰਘ ਸੋਹੀ ਸਮੇਤ 3 ਲੋਕਾਂ ਨੂੰ ਦੋਸ਼ੀ ਕਰਾਰ ਦਿੰਦਿਆਂ 2-2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਕਰੀਬ 7 ਸਾਲ ਚੱਲੀ ਸੁਣਵਾਈ ਤੋਂ ਬਾਅਦ ਜੂਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਪਰਨੀਤ ਕੌਰ ਦੀ ਅਦਾਲਤ ਨੇ ਸੁਣਾਇਆ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 2-2 ਸਾਲ ਦੀ ਕੈਦ ਦੇ ਨਾਲ-ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਵਿੱਚ ਸ਼ਾਹਬਾਜ ਸਿੰਘ ਸੋਹੀ (ਮੌਜੂਦਾ ਨਿਵਾਸੀ ਚੰਡੀਗੜ੍ਹ, ਮੂਲ ਵਾਸੀ ਜ਼ੀਰਕਪੁਰ), ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਤਿੰਨਾਂ ਨੇ ਮੌਕੇ ‘ਤੇ ਜ਼ਮਾਨਤ ਰਕਮ ਭਰ ਕੇ ਜ਼ਮਾਨਤ ਹਾਸਲ ਕਰ ਲਈ। ਮਾਮਲਾ 2018 ਵਿੱਚ ਜ਼ੀਰਕਪੁਰ ਦੇ ਰਹਿਣ ਵਾਲੇ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਦੇ ਭਰਾ ਕਮਲਜੀਤ ਸਿੰਘ ਕਾਮਾ ਵੱਲੋਂ ਦਰਜ ਕਰਵਾਇਆ ਗਿਆ ਸੀ।ਸ਼ਿਕਾਇਤ ਮੁਤਾਬਕ ‘ਮੇਸਰਜ਼ ਪਲੇਟਿਨਮ ਸਮਾਰਟ ਬਿਲਡਕਾਨ’ ਦੇ ਤਿੰਨਾਂ ਪਾਰਟਨਰਾਂ ਨੇ ਰਾਜਪੁਰਾ ਵਿੱਚ ਹਾਊਸਿੰਗ ਪ੍ਰੋਜੈਕਟ ਲਈ ਕਰੋੜਾਂ ਰੁਪਏ ਦੇ ਪਲਾਟਾਂ ਦਾ ਸੌਦਾ ਕੀਤਾ ਸੀ ਪਰ ਸੌਦਾ ਪੂਰਾ ਨਾ ਹੋਣ ‘ਤੇ ਦਿੱਤਾ ਗਿਆ ਸਾਢੇ 3 ਕਰੋੜ ਰੁਪਏ ਦਾ ਚੈਕ ਬਾਊਂਸ ਹੋ ਗਿਆ। ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸ਼ਿਕਾਇਤਕਰਤਾ ਪੱਖ ਨੂੰ ਮਜ਼ਬੂਤ ਮੰਨਦਿਆਂ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ। ਸ਼ਿਕਾਇਤਕਰਤਾ ਪੱਖ ਦੇ ਵਕੀਲ ਭਾਰਤ ਜੋਸ਼ੀ ਨੇ ਦੱਸਿਆ ਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਫੈਸਲਾ ਆਇਆ ਹੈ। ਕਮਲਜੀਤ ਸਿੰਘ ਕਾਮਾ ਨੇ ਕਿਹਾ ਕਿ ਮੁਲਜ਼ਮਾਂ ਨੇ ਯੋਜਨਾਬੱਧ ਢੰਗ ਨਾਲ ਠੱਗੀ ਕੀਤੀ ਸੀ ਤੇ ਹੁਣ ਅਦਾਲਤ ਵੱਲੋਂ ਸਜ਼ਾ ਮਿਲਣ ਨਾਲ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ।

Leave a Reply

Your email address will not be published. Required fields are marked *