ਸਰਹੱਦੀ ਪਿੰਡਾਂ ’ਚ ਝੋਨੇ ਤੇ ਬਾਸਮਤੀ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ!


ਦੌਰਾਂਗਲਾ, 8 ਸਤੰਬਰ (ਸੁਖਦੇਵ ਸਿੰਘ ਰੰਧਾਵਾ) : ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਬਲਾਕ ਦੌਰਾਂਗਲਾ ਦੇ ਪੇਂਡੂ ਖੇਤਰਾਂ ’ਚ ਹੜ੍ਹ ਦੀ ਮਾਰ ਨੇ ਤ੍ਰਾਹ-ਤ੍ਰਾਹ ਕਰਾਈ ਹੋਈ ਹੈ। ਰਵੀ ‘ਚ ਛੱਡਿਆ ਗਿਆ ਪਾਣੀ ਤੇ ਨੌਮਨੀ ‘ਚ ਹਾਈਡਲ ਗਾਹਲੜੀ, ਛੱਡਿਆ ਗਏ ਪਾਣੀ ਕਾਰਨ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਕਰ ਦਿਤੀ ਹੈ। ਸਰਹੱਦੀ ਇਲਾਕੇ ਦੇ ਇੰਡੋ-ਪਾਕਿ ਜ਼ੀਰੋ ਲਾਈਨ ਦੇ ਅੰਦਰ ਹਰ ਸਾਲ ਇਹ ਦਰਿਆ ਤਬਾਹੀ ਮਚਾਉਂਦੇ ਹਨ ਪਰ ਕਿਸੇ ਵੀ ਸਰਕਾਰ ਵਲੋਂ ਹੜ੍ਹਾਂ ਦਾ ਕੋਈ ਪੁਖਤਾ ਹੱਲ ਨਾ ਕੱਢਣ ਕਾਰਨ ਇਸ ਦਾ ਖ਼ਮਿਆਜ਼ਾ ਸਰਹੱਦੀ ਇਲਾਕੇ ਦੇ ਲੋਕ ਭੁਗਤ ਰਹੇ ਹਨ। ਦਬੂੜੀ, ਆਦਿ, ਉਮਰਪੁਰਾ ਖੁਰਦ, ਖੌਖਰ ਹਰਦਾਨ, ਰਾਜਪੂਤਾਂ, ਧੂਤ ਸ਼ੇਖਾਂ, ਮਗਰਮੂਦੀਆ, ਬਹਿਰਾਮਪੁਰ, ਬਾਹਮਣੀ, ਗਾਹਲੜੀ, ਡੁਗਰੀ , ਥੰਮਣ, ਤਲਵੰਡੀ, ਬੈਂਸ ਦੇ ਸੈਂਕੜੇ ਪਿੰਡ ਹਰ ਸਾਲ ਹੜ੍ਹਾਂ ਦੀ ਤਬਾਹੀ ਦੀ ਮਾਰ ਝੱਲ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਲਾਰਿਆਂ ਤੋਂ ਸਿਵਾਏ ਲੋਕਾਂ ਨੂੰ ਕੁਝ ਨਹੀਂ ਦਿਤਾ। ਇਸ ਵਾਰ ਦੇ ਹੜ੍ਹ ਦਾ ਪਾਣੀ ਇੰਨਾ ਜ਼ਿਆਦਾ ਸੀ ਕਿ ਜਿੱਥੇ ਕਦੇ ਵੀ ਪਾਣੀ ਨਹੀਂ ਸੀ ਚੜ੍ਹਿਆ, ਉੱਥੇ ਵੀ ਪਾਣੀ ਨੇ ਮਾਰ ਪਾਈ ਹੈ। ਇਸ ਸਮੇਂ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਫ਼ੌਜ ਦੀ ਮਦਦ ਨਾਲ ਲੋਕਾਂ ਦੇ ਬਚਾਅ ’ਚ ਲੱਗੇ ਹੋਏ ਹਨ ਪਰ ਲੋਕ ਪ੍ਰਸ਼ਾਸਨ ਤੋਂ ਖੁਸ਼ ਨਹੀਂ ਹਨ। ਪਿੰਡਾਂ ਅਤੇ ਖੇਤਾਂ ’ਚ 7-7 ਫੁੱਟ ਪਾਣੀ ਭਰਨ ਕਾਰਨ ਲੋਕਾਂ ਤਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ। ਪਿੰਡਾਂ ’ਚ ਹਜ਼ਾਰਾਂ ਏਕੜ ਝੋਨੇ ਤੇ ਬਾਸਮਤੀ ਦੀ ਫ਼ਸਲ ਤਬਾਹ ਹੋ ਗਈ ਹੈ, ਨਦੀਆਂ-ਨਾਲਿਆਂ ਨਾਲ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਪਸ਼ੂਆਂ ਲਈ ਹਰਾ ਚਾਰਾ, ਤੂੜੀ ਆਦਿ ਖਰਾਬ ਹੋ ਜਾਣ ਕਾਰਨ ਆਉਂਦੇ ਦਿਨਾਂ ’ਚ ਹੋਰ ਪ੍ਰੇਸ਼ਾਨੀਆਂ ਵਧਣਗੀਆਂ।