ਜੰਡਿਆਲਾ ਗੁਰੂ ‘ਚ ਚੋਰਾਂ ਨੇ ਮਚਾਈ ਆਫ਼ਤ, ਟਰਾਂਸਫ਼ਾਰਮਾਂ ਨੂੰ ਬਣਾਇਆ ਕਬਾੜ !



ਜੰਡਿਆਲਾ ਗੁਰੂ, 16 ਅਗਸਤ (ਕੰਵਲਜੀਤ ਸਿੰਘ ਲਾਡੀ/ ਸੁਖਜਿੰਦਰ ਸਿੰਘ ਸੋਨੂ) : ਜੰਡਿਆਲਾ ਗੁਰੂ ਦੇ ਲਾਗੇ ਥਾਣਾ ਤਰਸਿਕਾ ਅਧੀਨ ਪੈਂਦੇ ਪਿੰਡਾਂ ਵਿਚ ਟਰਾਸਫ਼ਾਰਮ ਚੋਰਾਂ ਨੇ ਦਹਿਸ਼ਤ ਮਚਾ ਰੱਖੀ ਹੈ । ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਦੇ ਟਰਾਸਫਾਰਮਾਂ ਅਤੇ ਕੇਬਲਾਂ ਨੂੰ ਲਾਹ ਕੇ ਉਨਾਂ ਵਿਚਲਾ ਸਮਾਨ ਅਤੇ ਤੇਲ ਆਦਿ ਕੱਢ ਕੇ ਵਾਰੋ-ਵਾਰੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕਾਂ ਮੁਤਾਬਕ ਚੋਰ ਏਨੀ ਚਲਾਕੀ ਨਾਲ ਚੋਰੀ ਦੇ ਇਸ ਕੰਮ ਨੂੰ ਅੰਜਾਮ ਦਿੰਦੇ ਹਨ ਕਿ ਕੁਝ ਕੁ ਪਲਾਂ ਵਿਚ ਆਪਣੇ ਨਾਲ ਲਿਆਏ ਵੱਡੇ-ਵੱਡੇ ਕਟਰਾਂ ਨਾਲ ਬਿਜਲੀ ਦੀਆਂ ਤਾਰਾਂ ਕੱਟ ਕੇ ਬਿਨਾ ਕਰੰਟ ਖਾਧੇ ਤੇਲ ਤੇ ਹੋਰ ਸਮਾਨ ਲੈਕੇ ਰਫੂਚੱਕਰ ਹੋ ਜਾਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਪਤਾ ਵੀ ਨਹੀਂ ਲੱਗਦਾ ਕੇ ਚੋਰ ਕਿਧਰੋਂ ਆਏ ਤੇ ਕਿਧਰ ਗਏ। ਇਹ ਸਿਲਸਿਲਾ ਇਸੇ ਤਰ੍ਹਾਂ ਕਈ ਸਾਲਾਂ ਤੋਂ ਚੱਲਦਿਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕਿਸਾਨ ਵਿਚਾਰੇ ਝੋਨੇ ਦਾ ਸੀਜਨ ਹੋਣ ਕਾਰਨ ਝੋਨੇ ਨੂੰ ਸੁੱਕਣ ਅਤੇ ਲੰਮੀ ਪੁਲਿਸ ਪ੍ਰਕਿਰਿਆ ਥਾਣੀ ਗੁਜ਼ਰ ਕੇ ਕਾਰਵਾਈ ਕਰਾਉਂਦੇ ਹੋਏ ਬਿਜਲੀ ਅਧਿਕਾਰੀਆਂ ਨਾਲ ਰਾਬਤਾ ਕਰਕੇ ਆਪਣਾ ਕੰਮ ਕਰਾਉਂਦੇ ਹਨ । ਇਸ ਦੀ ਤਾਜ਼ਾ ਮਿਸਾਲ ਪਿੰਡ ਸਰਜਾ ਦੇ ਕਿਸਾਨ ਜਥੇ: ਜਰਨੈਲ ਸਿੰਘ ਦੇ ਡੇਰੇ ਘਰ ਦੇ ਬਾਹਰ ਖੇਤਾਂ ਵਿਚਲੇ ਅਤੇ ਪਿੰਡ ਵਿੱਚਲੇ ਬਾਜ਼ਾਰ ਵਿਚੋਂ ਦੋ ਦਿਨਾਂ ਵਿਚ ਦੋ ਟਰਾਸਫਾਰਮ ਚੋਰਾਂ ਵਲੋਂ ਲਾਹੇ ਗਏ ਹਨ ਅਤੇ ਪਿੰਡ ਜੋਧਾਨਗਰੀ ਅਤੇ ਬੇਰੀਆਵਾਲਾ ਵਿਚੋ ਜਰਨੇਟਰ ਵਿਚਲੀ ਤਾਂਬੇ ਦੀ ਤਾਰ ਚੋਰੀ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਹਾਲਾਂਕਿ ਰੋਜ਼ਾਨਾ ਹੋ ਰਹੀਆਂ ਅਜੀਹੀਆਂ ਵੱਡੀਆਂ ਚੋਰੀਆਂ ਨੂੰ ਠੱਲ ਪਾਉਣ ਲਈ ਸਥਾਨਕ ਪੁਲਿਸ ਨੇ ਕੀ ਕੁਝ ਢੁੱਕਵੇ ਕਦਮ ਚੁੱਕੇ ਹਨ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।