ਮਾਲੇਰਕੋਟਲਾ ‘ਚ ਚੋਰਾਂ ਨੇ ਮਚਾਈ ਆਫ਼ਤ, ਘਰਾਂ ਨੂੰ 2 ਘੰਟੇ ਵੀ ਤਾਲਾ ਲਾਉਣਾ ਹੋਇਆ ਔਖਾ!


ਘਰ ‘ਚ ਦਾਖਲ ਹੋ ਕੇ ਚੋਰਾਂ ਨੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ, ਪੁਲਿਸ ਸੁੱਤੀ
ਮਾਲੇਰਕੋਟਲਾ, 13 ਨਵੰਬਰ (ਮੁਨਸ਼ੀ ਫਾਰੂਕ)
ਸ਼ਹਿਰ ਅੰਦਰ ਆਏ ਦਿਨ ਚੋਰਾਂ ਤੇ ਝਪਟਮਾਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਨੇ ਮਾਲੇਰਕੋਟਲਾ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾ ਕੇ ਰੱਖ ਦਿੱਤਾ ਹੈ। ਲੰਘੀ ਰਾਤ ਸਟੇਡੀਅਮ ਗਰਾਉਂਡ ਦੇ ਪਿੱਛੇ ਸਥਿਤ ਗੁਰੂ ਗੋਬਿੰਦ ਸਿੰਘ ਕਾਲੋਨੀ ‘ਚ ਇਨਕਮ ਟੈਕਸ ਦਫਤਰ ਦੇ ਨੇੜੇ ਰਾਜ ਮਿਸਤਰੀ ਦਾ ਕੰਮ ਕਰਦੇ ਮਹਿਬੂਬ ਅਖੱਤਰ ਪੁੱਤਰ ਅਬਦੁੱਲ ਮਜੀਦ ਦੇ ਘਰ ‘ਚ ਚੋਰਾਂ ਨੇ ਦਾਖਲ ਹੋ ਕੇ ਲੱਖਾਂ ਰੁਪਏ ਮੁੱਲ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਬੂਬ ਅਖੱਤਰ ਦੇ ਪੁੱਤਰ ਅਬਦੁੱਲ ਹੱਨਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ 9 ਵਜੇ ਦੇ ਕਰੀਬ ਉਨ੍ਹਾਂ ਦਾ ਸਾਰਾ ਪਰਿਵਾਰ ਮੁਹੱਲਾ ਅਜ਼ੀਮਪੁਰਾ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਗਿਆ ਸੀ।ਕਰੀਬ ਡੇਢ-ਦੋ ਘੰਟਿਆਂ ਬਾਅਦ ਸਾਢੇ 10 ਵਜੇ ਦੇ ਕਰੀਬ ਜਦੋਂ ਉਹ ਵਾਪਸ ਆਪਣੇ ਘਰ ਆਏ ਤਾਂ ਦੇਖਿਆ ਕਿ ਘਰ ਦੇ ਅੰਦਰਲੇ ਕਮਰਿਆਂ ਦੇ ਗੇਟ ਖੁੱਲੇ ਪਏ ਸੀ, ਜਿੰਨ੍ਹਾਂ ਦੇ ਕੁੰਡੇ-ਚਿਟਕਨੀਆਂ ਟੁੱਟੇ ਹੋਏ ਸਨ। ਜਦੋਂ ਅਸੀਂ ਕਮਰਿਆਂ ਦੇ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਕੀਮਤੀ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ, ਪੇਟੀਆਂ ਦੇ ਗੇਟ ਅਤੇ ਲਾਕਰ ਵੀ ਟੁੱਟੇ ਪਏ ਸਨ।ਚੈੱਕ ਕਰਨ ‘ਤੇ ਪਤਾ ਲੱਗਾ ਕਿ ਅਲਮਾਰੀ ਦੇ ਲਾਕਰ ‘ਚ ਰੱਖੇ ਹੋਏ ਕਰੀਬ 9 ਤੋਲੇ ਸੋਨੇ ਦੇ ਅਤੇ ਕਰੀਬ 20 ਤੋਲੇ ਚਾਂਦੀ ਦੇ ਗਹਿਿਣਆਂ ਸਮੇਤ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਰੱਖੇ ਕਰੀਬ ਡੇਢ ਲੱਖ ਰੁਪਏ ਵੀ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰ ਘਰ ਦੇ ਮੇਨ ਗੇਟ ਨਾਲ ਲੱਗਦੀ ਦੀਵਾਰ ਟੱਪ ਕੇ ਅੰਦਰ ਦਾਖਲ ਹੋਏ ਅਤੇ ਫਿਰ ਇੱਕ ਦਰਬਾਜ਼ੇ ਦਾ ਸ਼ੀਸ਼ਾ ਤੋੜ ਕੇ ਚਿਟਕਨੀ ਖੋਲ੍ਹਣ ਉਪਰੰਤ ਕਮਰਿਆਂ ਤੱਕ ਪੁੱਜੇ ਸਨ।ਕਰੀਬ ਡੇਢ-ਦੋ ਘੰਟਿਆਂ ਦੇ ਸਮੇਂ ‘ਚ ਹੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਚੋਰ ਫਰਾਰ ਹੋ ਗਏ।ਅਬਦੁੱਲ ਹੱਨਾਨ ਨੇ ਦੱਸਿਆ ਕਿ ਅਸੀਂ ਲੰਘੀ ਰਾਤ ਹੀ 11 ਵਜੇ ਦੇ ਕਰੀਬ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ ਲੈਣ ਉਪਰੰਤ ਸਾਡੇ ਬਿਆਨ ਲਿਖ ਕੇ ਆਪਣੀ ਕਾਰਵਾਈ ਅਰੰਭ ਕਰ ਦਿੱਤੀ ਹੈ। ਉਨ੍ਹਾਂ ਉਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਫੜ੍ਹ ਕੇ ਸਾਡੇ ਚੋਰੀ ਹੋਏ ਕੀਮਤੀ ਸਮਾਨ ਦੀ ਬ੍ਰਾਂਮਦਗੀ ਕਰਵਾਈ ਜਾਵੇ। ਓਧਰ ਸਬੰਧਤ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਚੋਰਾਂ ਦੀ ਜੰਗੀ ਪੱਧਰ ‘ਤੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਲਦੀ ਹੀ ਦੋਸ਼ੀ ਚੋਰ ਸ਼ਲਾਖਾਂ ਪਿੱਛੇ ਹੋਣਗੇ।
