ਪਾਵਨ ਨਗਰੀ ਦਾ ਕੋਈ ਨਹੀਂ ਨਜ਼ਰ ਆ ਰਿਹਾ ਵਾਲੀ ਵਾਰਿਸ :ਕਰਨਜੀਤ ਆਹਲੀ


ਸੁਲਤਾਨਪੁਰ ਲੋਧੀ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ
ਸ਼ਹਿਰ ਦੇ ਹਾਲਾਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਨੇ ਅੱਖਾਂ ਮੀਟੀਆਂ
ਫਗਵਾੜਾ, 13 ਜੁਲਾਈ (ਸੁਸ਼ੀਲ ਸ਼ਰਮਾ) : ਸੀਨੀਅਰ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ ਨੇ ਇਕ ਲਿਖਤੀ ਬਿਆਨ ਰਾਹੀਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸ਼ਹਿਰ ਦੇ ਮੌਜੂਦਾ ਹਾਲਾਤ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਪ੍ਰਸ਼ਾਸਨ ਨੂੰ ਨਜ਼ਰ ਆ ਰਹੇ ਹਨ। ਇਸ ਕਰਕੇ ਸੁਲਤਾਨਪੁਰ ਲੋਧੀ ਦੇ ਲੋਕ ਨਰਕ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਪਾਵਨ ਨਗਰੀ ਦੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨਾਂ ਨੂੰ ਨਤਮਸਤਕ ਹੋਣ ਲਈ ਆਉਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ ਨੂੰ ਉਸ ਵੇਲੇ ਵੱਡੀ ਠੇਸ ਪੁੱਜਦੀ ਹੈ ਜਦੋਂ ਉਹ ਸੁਲਤਾਨਪੁਰ ਲੋਧੀ ਵਿਚ ਦਾਖਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਹ ਮੌਜੂਦਾ ਸਰਕਾਰ ਅਤੇ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਦੇ ਧਿਆਨ ਵਿਚ ਨਹੀਂ ਹੈ ਪਰ ਪਤਾ ਨਹੀਂ ਕਿਉਂ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਮੀਟੀ ਖੜੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਚ ਸਭ ਤੋਂ ਜਿਆਦਾ ਖਸਤਾ ਹਾਲ ਸ਼ਹੀਦ ਉਧਮ ਸਿੰਘ ਚੌਂਕ ਤੋਂ ਲੈ ਕੇ ਵਾਇਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਲੋਹੀਆਂ ਚੁੰਗੀ ਤਕ ਦੀ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਨਾਂ ਤੇ ਪੁੱਟੇ ਗਏ ਟੋਇਆਂ ਵਿਚ ਬਾਰਿਸ਼ ਕਾਰਨ ਪਾਣੀ ਪੈ ਕੇ ਉਹ ਹੋਰ ਡੂੰਘੇ ਹੋ ਗਏ ਹਨ ਜਿਸ ਕਰਕੇ ਰੋਜਾਨਾ ਗੱਡੀਆਂ ਟੋਇਆਂ ਵਿਚ ਫਸ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਸੜਕ ਦੁਰਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਇਕ ਹਫਤੇ ਤੋਂ ਪ੍ਰਸ਼ਾਸਨ ਅਤੇ ਸਰਕਾਰ ਇਸ ਲਈ ਸੁੱਤੇ ਹੋਏ ਜਾਗੇ ਹਨ ਕਿ ਸ਼ਾਇਦ ਪਵਿੱਤਰ ਕਾਲੀ ਵੇਈਂ ਦੀ 25ਵੀਂ ਵਰੇਗੰਡ ਮੌਕੇ ਪੰਜਾਬ ਸਰਕਾਰ ਦਾ ਕੋਈ ਵਿਸ਼ੇਸ਼ ਮੰਤਰੀ ਜਾਂ ਮੁੱਖ ਮੰਤਰੀ ਇਥੇ ਆਉਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਵੀ ਸ਼ਾਇਦ ਕਿਸੇ ਵਿਸ਼ੇਸ਼ ਦੀ ਆਮਦ ਨੂੰ ਲੈ ਕੇ ਜਾਗਿਆ ਹੈ ਅਤੇ ਛੁੱਟੀ ਵਾਲੇ ਦਿਨ ਵੀ ਹਰਕਤ ਵਿਚ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗਰਮੀ ਨਾਲ ਜੂਝ ਰਹੇ ਲੋਕ ਜਿੱਥੇ ਰੱਬ ਕੋਲ ਮੀਂਹ ਮੰਗਦੇ ਹਨ, ਉਥੇ ਸੁਲਤਾਨਪੁਰ ਲੋਧੀ ਵਾਸੀ ਰੱਬ ਦੇ ਅੱਗੇ ਹੱਥ ਜੋੜਦੇ ਹਨ ਕਿ ਜਿੰਨੀ ਦੇਰ ਸਾਡੇ ਸ਼ਹਿਰ ਦੀਆਂ ਸੜਕਾਂ ਪੁੱਟੀਆਂ ਹੋਈਆਂ ਹਨ, ਕਿਰਪਾ ਕਰਕੇ ਮੀਂਹ ਨਾ ਪਵੇ। ਕਰਨਜੀਤ ਸਿੰਘ ਆਹਲੀ ਨੇ ਇਹ ਵੀ ਕਿਹਾ ਕਿ ਆਪ ਦੇ ਹਲਕਾ ਇੰਚਾਰਜ ਪਿਛਲੀ ਕਾਂਗਰਸ ਸਰਕਾਰ ਵੇਲੇ ਸੜਕਾਂ ਤੇ ਖੜੋ ਕੇ ਇੱਟਾਂ ਤੋੜ ਤੋੜ ਕੇ ਵਿਖਾਉਂਦੇ ਸਨ ਪਰ ਅੱਜ ਉਨ੍ਹਾਂ ਦੀ ਸਰਕਾਰ ਵਿਚ ਸ਼ਹਿਰ ਦੇ ਇੰਨੇ ਮਾੜੇ ਹਾਲਾਤ ਹਨ ਕਿ ਤੋੜਨ ਵਾਸਤੇ ਇੱਟਾ ਵੀ ਨਹੀਂ ਲੱਭ ਰਹੀਆਂ ਹਨ। ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਜਥੇਦਾਰ ਦਲਵਿੰਦਰ ਸਿੰਘ ਦੀ ਨਿਯੁਕਤੀ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ। ਅੰਤ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਅੰਦਰ ਇਕ ਟੀਮ ਵਰਕ ਦੀ ਤਰ੍ਹਾਂ ਇਕਜੁੱਟ ਹੋ ਕੇ ਕੰਮ ਕਰੇਗੀ ਅਤੇ 2027 ਦੀਆਂ ਚੋਣਾਂ ਵਿਚ ਪੰਜਾਬ ਅੰਦਰ ਬਣਨ ਜਾ ਰਹੀ ਅਕਾਲੀ ਦਲ ਦੀ ਸਰਕਾਰ ਵਿਚ ਆਪਣਾ ਯੋਗਦਾਨ ਪਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੂੰ ਵਧਾਈ ਦੇਣ ਵਾਲਿਆਂ ਵਿਚ ਜਥੇਦਾਰ ਸੰਤੋਖ ਸਿੰਘ ਖੀਰਾਂਵਾਲੀ, ਜਰਨੈਲ ਸਿੰਘ ਬੂਲੇ, ਹਰਜਿੰਦਰ ਸਿੰਘ ਘੁਮਾਨ, ਸਤਬੀਰ ਸਿੰਘ ਬਿੱਟੂ, ਕਰਨਜੀਤ ਸਿੰਘ ਆਹਲੀ, ਹਰਕਮਲ ਸਿੰਘ, ਬਲਵਿੰਦਰ ਸਿੰਘ ਤੁੜ, ਗੁਰਮੇਜ ਸਿੰਘ ਸਰਪੰਚ ਸ਼ੇਖਮਾਂਗਾ, ਗੁਰਪ੍ਰੀਤ ਸਿੰਘ ਫੱਤੁਢੀਂਗਾ ਤੇ ਦਿਲਬਾਗ ਸਿੰਘ ਦੇਸਲ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ ਤੇ ਸੁਰਜੀਤ ਸਿੰਘ ਢਿੱਲੋ, ਪ੍ਰਤਾਪ ਸਿੰਘ, ਸ਼ਮਸ਼ੇਰ ਸਿੰਘ ਭਰੋਆਣਾ, ਹਰੀ ਸਿੰਘ ਵਾਟਾਵਾਲੀ, ਬਲਜੀਤ ਸਿੰਘ ਬੱਲੀ, ਬਚਿੱਤਰ ਸਿੰਘ ਹੋਠੀ, ਸੁਰਿੰਦਰ ਸਿੰਘ ਤੁੜ, ਬਿੱਟਾ ਬੁਸੋਵਾਲ, ਕਿਸ਼ਨ ਸਿੰਘ ਭਾਗੋਬੁੱਢਾ, ਸੇਵਾ ਸਿੰਘ ਖੀਰਾਂਵਾਲੀ, ਕਾਰਜ ਸਿੰਘ ਆਦਿ ਵੀ ਸ਼ਾਮਿਲ ਹਨ।
