ਪੰਜਾਬ ‘ਚ ਫ਼ਿਲਹਾਲ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ: ਬਰਿੰਦਰ ਕੁਮਾਰ ਗੋਇਲ


ਜਲ ਸਰੋਤ ਮੰਤਰੀ ਨੇ ਵਿਧਾਨ ਸਭਾ ‘ਚ ਦਿਤੀ ਜਾਣਕਾਰੀ
ਚੰਡੀਗੜ੍ਹ, 14 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਵਿਚ ਜਾਣਕਾਰੀ ਦਿਤੀ ਕਿ ਪੰਜਾਬ ਵਿਚ ਜਲ ਭੰਡਾਰਾਂ ਦਾ ਪੱਧਰ ਸਥਿਰ ਹੈ ਅਤੇ ਸੂਬੇ ਵਿਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਜਲ ਭੰਡਾਰਾਂ (ਰੇਜ਼ਰਵਾਇਰਾਂ) ਵਿਚ ਪਾਣੀ ਦਾ ਪੱਧਰ ਵਧਣ ਕਾਰਨ ਨੀਵੇਂ ਇਲਾਕਿਆਂ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਸਬੰਧੀ ਪੇਸ਼ ਕੀਤੇ ਗਏ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 10 ਜੁਲਾਈ 2025 ਤਕ ਪ੍ਰਮੁੱਖ ਜਲ ਭੰਡਾਰਾਂ ਵਿਚ ਪਾਣੀ ਦਾ ਪੱਧਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਰਿਹਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ 204.5 ਕਰੋੜ ਰੁਪਏ ਦੇ ਫੰਡ ਅਲਾਟ ਕੀਤੇ ਹਨ। ਐਸ.ਡੀ.ਐਮ.ਐਫ, ਮਨਰੇਗਾ ਅਤੇ ਵਿਭਾਗੀ ਫੰਡਾਂ ਦੀ ਵਰਤੋਂ ਨਾਲ 599 ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸੂਬੇ ਵਿਚ ਕੰਟਰੋਲ ਰੂਮ ਸਰਗਰਮ ਹਨ, ਐਮਰਜੈਂਸੀ ਰਿਸਪਾਂਸ ਟੀਮਾਂ ਤਿਆਰ ਹਨ ਅਤੇ ਸੰਵੇਦਨਸ਼ੀਲ ਖੇਤਰਾਂ ਵਿਚ ਦਰਿਆਵਾਂ ਅਤੇ ਨਾਲਿਆਂ ਦੀ ਅਸਲ-ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।