ਵਕਫ਼ ਬੋਰਡ ਨੂੰ ਇਹ ਨਹੀਂ ਪਤਾ ਕਿ ਮੈਡੀਕਲ ਕਾਲਜ ਨੂੰ ਜ਼ਮੀਨ ਦੇਣ ਦਾ ਫ਼ੈਸਲਾ ਕਿਸਨੇ ਲਿਆ?


ਚੰਡੀਗੜ੍ਹ, (ਪ੍ਰਲਾਦ ਸੰਗੇਲੀਆ) 24 ਜੁਲਾਈ (ਨਿਊਜ਼ ਟਾਊਨ ਨੈਟਵਰਕ) :
ਪੰਜਾਬ ਵਕਫ਼ ਬੋਰਡ ਨੇ ਪਿਛਲੇ ਦਿਨੀ 48 ਕਰੋੜ ਤੋਂ ਜ਼ਿਆਦਾ ਰੁਪਏ ਦਾ ਚੈੱਕ ਪੰਜਾਬ ਸਰਕਾਰ ਨੂੰ ਸੌਂਪ ਦਿਤਾ ਹੈ ਤਾਕਿ ਮਾਲੇਰਕੋਟਲਾ ਵਿਚ ਸਰਕਾਰੀ ਮੈਡੀਕਲ ਕਾਲਜ ਖੋਲ੍ਹਿਆ ਜਾ ਸਕੇ। ਵਕਫ਼ ਬੋਰਡ ਨੇ ਇਹ ਪੈਸਾ ਕਿਉਂ ਅਤੇ ਕਿਸੇ ਦੇ ਕਹਿਣ ਉਤੇ ਦਿਤਾ ਹੈ, ਇਸ ਬਾਰੇ ਜਦ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਮੰਗੀ ਗਈ ਸੀ ਤਾਂ ਉਸ ਨੇ ਅਪਣੇ ਉੱਤਰ ਵਿਚ ਸਪੱਸ਼ਟ ਆਖਿਆ ਕਿ ਉਸ ਕੋਲ ਅਜਿਹਾ ਕੋਈ ਰਿਕਾਰਡ ਨਹੀਂ ਹੈ। ਮਾਲੇਰਕੋਟਲਾ ਦੇ ਇਕ ਆਰ.ਟੀ.ਆਈ. ਕਾਰਕੁਨ ਮੁਹੰਮਦ ਇਕਬਾਲ ਵਲੋਂ ਮੰਗੀ ਗਈ ਸੂਚਨਾ ਵਿਚ ਵਕਫ਼ ਬੋਰਡ ਨੂੰ ਤਿੰਨ ਅਹਿਮ ਸਵਾਲ ਪੁੱਛੇ ਗਏ ਸਨ। ਪਹਿਲਾ ਸਵਾਲ ਸੀ, ਕੀ ਕਾਲਜ ਬਣਾਉਣ ਲਈ ਜ਼ਮੀਨ ਦੇਣ ਦਾ ਫ਼ੈਸਲਾ ਪੰਜਾਬ ਵਕਫ਼ ਬੋਰਡ ਦਾ ਅਪਣਾ ਹੈ ਜਾਂ ਇਹ ਜ਼ਮੀਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਆਦੇਸ਼ਾਂ ਉਤੇ ਕਾਲਜ ਨੂੰ ਦਿਤੀ ਜਾ ਰਹੀ ਹੈ? ਦੂਜਾ ਸਵਾਲ ਸੀ, ਪੰਜਾਬ ਵਕਫ਼ ਬੋਰਡ ਕਿਹੜੀਆਂ ਸ਼ਰਤਾਂ ਆਧਾਰਤ ਜ਼ਮੀਨ ਪੰਜਾਬ ਸਰਕਾਰ ਨੂੰ ਮੈਡੀਕਲ ਕਾਲਜ ਬਣਾਉਣ ਲਈ ਖ਼ਰੀਦ ਕੇ ਦੇ ਰਿਹਾ ਹੈ? ਤੀਜਾ ਸਵਾਲ ਸੀ, ਮੈਡੀਕਲ ਕਾਲਜ ਵਿਚ ਮੁਸਲਿਮ ਬੱਚਿਆ ਲਈ ਕਿੰਨੀਆਂ ਸੀਟਾਂ ਰਾਖਵੀਂਆਂ ਹੋਣਗੀਆਂ ਅਤੇ ਕਾਲਜ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਵਿਚ ਕਿੰਨੇ ਫ਼ੀ ਸਦੀ ਮੁਸਲਮਾਨਾਂ ਨੂੰ ਰੁਜ਼ਗਾਰ ਦਿਤਾ ਜਾਵੇਗਾ? ਇਸ ਆਰ.ਟੀ.ਆਈ. ਦਾ ਜਵਾਬ ਦਿੰਦਿਆਂ ਪੰਜਾਬ ਵਕਫ਼ ਬੋਰਡ ਨੇ ਅਪਣੇ ਪੱਤਰ ਨੰਬਰ ਆਰ.ਟੀ.ਆਈ/1133/2023/672, ਮਿਤੀ 14.08.2023 ਰਾਹੀਂ ਜਿਹੜਾ ਜਵਾਬ ਆਈ.ਟੀ.ਆਈ. ਕਾਰਕੁਨ ਨੂੰ ਭੇਜਿਆ, ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਬੋਰਡ ਨੇ ਇਨ੍ਹਾਂ ਤਿੰਨਾਂ ਸਵਾਲਾਂ ਦਾ ਜਵਾਬ ਨਾ ਦਿੰਦਿਆਂ ਇਹੀ ਲਿਖਿਆ ਕਿ ਰਿਕਾਰਡ ਮੁਤਾਬਕ ਅਜਿਹੀ ਕੋਈ ਵੀ ਜਾਣਕਾਰੀ ਪੰਜਾਬ ਵਕਫ਼ ਬੋਰਡ ਕੋਲ ਮੌਜੂਦ ਨਹੀਂ। ਵਕਫ਼ ਬੋਰਡ ਦੇ ਇਸ ਜਵਾਬ ਤੋਂ ਸਪੱਸ਼ਟ ਹੋ ਗਿਆ ਹੈ ਕਿ ਵਕਫ਼ ਬੋਰਡ ਪੈਸੇ ਦੀ ਬਰਬਾਦੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਗਿਆ। ਜੇ ਬੋਰਡ ਨੂੰ ਇਹ ਹੀ ਨਹੀਂ ਪਤਾ ਕਿ ਕਾਲਜ ਨੂੰ ਜ਼ਮੀਨ ਕਿਸ ਲਈ, ਕਿਸ ਦੇ ਕਹਿਣ ਅਤੇ ਕਿਉਂ ਦਿਤੀ ਜਾ ਰਹੀ ਹੈ ਤਾਂ ਉਸ ਨੂੰ 48 ਕਰੋੜ ਰੁਪਏ ਵੀ ਦੇਣ ਦੀ ਕੀ ਲੋੜ ਪੈ ਗਈ ਸੀ।