“ਜ਼ਮੀਨਾਂ ਚੱਕ 35 ਦੀਆਂ” ਦਾ ਟਰੇਲਰ ਹੋਇਆ ਰਿਲੀਜ਼ !


ਚੰਡੀਗੜ੍ਹ, 29 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਬਹੁਤ ਉਡੀਕੀ ਜਾ ਰਹੀ ਪੰਜਾਬੀ ਵੈਬ-ਲੜੀ “ਜ਼ਮੀਨਾਂ ਚੱਕ 35 ਦੀਆਂ” ਦਾ ਟਰੇਲਰ BARREL RECORDS ਨੇ ਚੰਡੀਗੜ੍ਹ ਵਿਚ ਇਕ ਖ਼ਾਸ ਪ੍ਰੈਸ ਕਾਨਫ਼ਰੰਸ ਦੌਰਾਨ ਰਿਲੀਜ਼ ਕਰ ਦਿਤਾ ਹੈ। ਇਸ ਮੌਕੇ ਐਮ.ਐਲ.ਏ. ਅੰਮ੍ਰਿਤਪਾਲ ਸਿੰਘ ਸੁਖਾਨੰਦ, ਭੁਪਿੰਦਰ ਸਿੰਘ ਬਾਠ (ਕਮਿਸ਼ਨਰ), ਹਰਿੰਦਰ ਸਿੰਘ ਧਾਲੀਵਾਲ (ਹਲਕਾ ਇੰਚਾਰਜ ਬਰਨਾਲਾ), ਪਰਮਿੰਦਰ ਸਿੰਘ ਭੰਗੂ (ਜ਼ਿਲ੍ਹਾ ਪ੍ਰਧਾਨ ਬਰਨਾਲਾ), ਰਾਮ ਤੀਰਥ ਮੰਨਾ (ਚੇਅਰਮੈਨ), ਜੱਸੀ ਸੋਹੀਆਂ (ਚੇਅਰਮੈਨ, ਇੰਪਰੂਵਮੈਂਟ ਟਰਸਟ) ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਪੰਮੀ ਬਾਈ ਅਤੇ ਸਾਰੀ ਸਟਾਰ ਕਾਸਟ ਹਾਜ਼ਰ ਰਹੀ ਅਤੇ ਮੀਡੀਆ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਵੈਬ-ਲੜੀ ਅਮਨਿੰਦਰ ਢੀਂਡਸਾ ਦੁਆਰਾ ਨਿਰਦੇਸ਼ਿਤ ਅਤੇ ਗਿਆਨਜੋਤ ਢੀਂਡਸਾ, ਜੱਸ ਧਾਲੀਵਾਲ, ਕੁਲਦੀਪ ਧਾਲੀਵਾਲ, ਇੰਦਰਜੀਤ ਧਾਲੀਵਾਲ ਅਤੇ ਮਨੀ ਧਾਲੀਵਾਲ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ। ਕਹਾਣੀਕਾਰ “ਸਰਕਾਰ” ਨੇ ਆਪਣੀ ਲਿਖਤ ਰਾਹੀਂ ਪੰਜਾਬ ਦੀ ਮਿੱਟੀ ਅਤੇ ਇਸ ਦੇ ਸੰਘਰਸ਼ ਨੂੰ ਬੜੀ ਮਿਹਨਤ ਨਾਲ ਪੇਸ਼ ਕੀਤਾ ਹੈ। ਟਰੇਲਰ ਵਿੱਚ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਇਕ ਲਾਲਚੀ ਵਪਾਰੀ ਰਿਫ਼ਾਈਨਰੀ ਪ੍ਰੋਜੈਕਟ ਲਈ ਜ਼ਮੀਨ ਦੇਣ ਦਾ ਵਾਅਦਾ ਕਰਦਾ ਹੈ ਅਤੇ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਛੱਡਣ ਲਈ ਮਜਬੂਰ ਕਰਦਾ ਹੈ। ਡਰ ਅਤੇ ਹਿੰਸਾ ਰਾਹੀਂ ਜਦ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਦੀ ਇਕ ਟੋਲੀ ਡਟ ਕੇ ਵਿਰੋਧ ਕਰਦੀ ਹੈ। ਇਸ ਵੈਬ-ਲੜੀ ਵਿਚ ਬੂਟਾ ਬਡਬਰ, ਕਿਰਨ ਬਰਾੜ, ਗੁਰਸੇਵਕ ਮੰਡੇਰ, ਪੰਮੀ ਬਾਈ, ਗੁਰਿੰਦਰ ਮਕਣਾ, ਸਨੀ ਗਿੱਲ, ਜੱਸ ਦਿਉਲ, ਜਸ਼ਨਜੀਤ ਗੋਸ਼ਾ, ਭਾਰਤੀ ਦੱਤ, ਮਨਦੀਪ ਧਾਮੀ, ਅਵਨੀਤ ਕੌਰ, ਅਰੁਨਦੀਪ ਸਿੰਘ ਅਤੇ ਕੁਲਦੀਪ ਸਿੱਧੂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਕਹਾਣੀ ਵਿਚ ਹੋਰ ਜਾਨ ਪਾਉਂਦੇ ਹਨ।

10 ਸਤੰਬਰ ਨੂੰ ਰਿਲੀਜ਼ ਹੋ ਰਹੀ “ਜ਼ਮੀਨਾਂ ਚੱਕ 35 ਦੀਆਂ” ਆਪਣੀ ਕਹਾਣੀ, ਮਜ਼ਬੂਤ ਅਦਾਕਾਰੀ ਅਤੇ ਭਾਵਨਾਤਮਕ ਗਹਿਰਾਈ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਝੰਝੋੜੇਗੀ। ਪ੍ਰੋਡਿਊਸਰਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਚੱਕ 35 ਦੀਆਂ ਰਾਹੀਂ ਸਾਡਾ ਮਕਸਦ ਇਕ ਅਜਿਹੀ ਕਹਾਣੀ ਪੇਸ਼ ਕਰਨਾ ਸੀ ਜੋ ਪੰਜਾਬ ਦੀ ਮਿੱਟੀ ਅਤੇ ਲੋਕਾਂ ਦੇ ਦਿਲਾਂ ਨਾਲ ਡੂੰਘੀ ਜੁੜੀ ਹੋਈ ਹੈ। ਇਹ ਸਿਰਫ਼ ਮਨੋਰੰਜਨ ਨਹੀਂ ਸਗੋਂ ਕਿਸਾਨਾਂ ਦੇ ਹੌਸਲੇ, ਲਾਲਚ ਦੇ ਖ਼ਿਲਾਫ਼ ਖੜੇ ਹੋਣ ਅਤੇ ਬਲੀਦਾਨ ਦੀ ਤਸਵੀਰ ਹੈ। ਹਰ ਕਿਰਦਾਰ ਅਤੇ ਹਰ ਸੀਨ ਹਕੀਕਤ ਨਾਲ ਜੁੜਿਆ ਹੋਇਆ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਦਰਸ਼ਕ ਇਸ ਕਹਾਣੀ ਦੀ ਸਚਾਈ ਅਤੇ ਜਜ਼ਬਾਤ ਨਾਲ ਜੁੜਨਗੇ। BARREL RECORDS ਹੇਠ ਇਸ ਪ੍ਰੋਜੈਕਟ ਨੂੰ ਪੇਸ਼ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਪੰਮੀ ਬਾਈ ਨੇ ਕਿਹਾ, “ਜ਼ਮੀਨਾਂ ਚੱਕ 35 ਦੀਆਂ ਸਿਰਫ਼ ਇਕ ਵੈਬ ਸੀਰੀਜ਼ ਨਹੀਂ, ਸਗੋਂ ਇਹ ਪੰਜਾਬ ਦੇ ਖੇਤਾਂ ਦੀ ਅਵਾਜ਼ ਅਤੇ ਲੋਕਾਂ ਦੀ ਰੂਹ ਹੈ। ਇਸ ਵਿਚ ਸਾਡੇ ਜਵਾਨਾਂ ਦੀ ਬਹਾਦਰੀ ਅਤੇ ਕਿਸਾਨਾਂ ਦੀ ਅਟੱਲ ਇੱਛਾ-ਸ਼ਕਤੀ ਦਰਸਾਈ ਗਈ ਹੈ ਜੋ ਆਪਣੇ ਅਧਿਕਾਰਾਂ ਲਈ ਲੜਦੇ ਹਨ। ਇਸ ਲਾਂਚ ਦਾ ਹਿੱਸਾ ਬਣ ਕੇ ਮੈਨੂੰ ਟੀਮ ਦੀ ਸਚਾਈ ਅਤੇ ਜਜ਼ਬੇ ਦਾ ਅਹਿਸਾਸ ਹੋਇਆ। ਮੈਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਨੂੰ ਪ੍ਰੇਰਿਤ ਕਰੇਗੀ ਅਤੇ ਉਹਨਾਂ ਨੂੰ ਏਕਤਾ ਅਤੇ ਸਚਾਈ ਦੀ ਤਾਕਤ ਯਾਦ ਦਿਵਾਏਗੀ।”