ਲੁਟੇਰਿਆਂ ਦੇ ਹੌਸਲੇ ਬੁਲੰਦ, ਸਿਖਰ ਦੁਪਹਿਰੇ ਬਜ਼ੁਰਗ ਤੋਂ ਖੋਹਿਆ ਪਰਸ ਤੇ ਕੀਤੀ ਕੁੱਟਮਾਰ


ਅਮਰਗੜ੍ਹ , 12 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਭਾਵੇਂ ਕਿ ਅਮਰਗੜ੍ਹ ਪੁਲਿਸ ਵੱਲੋਂ ਇਲਾਕੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ,ਪਰ ਫਿਰ ਵੀ ਗਾਹੇ-ਵਗਾਹੇ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜੀ ਘਟਨਾ ਪਿੰਡ ਰਾਮਪੁਰ ਛੰਨਾ ਦੇ ਬਜ਼ੁਰਗ ਅਮਰਜੀਤ ਸਿੰਘ ਨਾਲ ਉਸ ਵਕਤ ਵਾਪਰੀ ਜਦੋਂ ਉਹ ਦੁਪਹਿਰ 12 ਵਜੇ ਦੇ ਕਰੀਬ ਆਪਣੇ ਪਿੰਡ ਤੋਂ ਅਮਰਗੜ੍ਹ ਵੱਲ ਨੂੰ ਆ ਰਿਹਾ ਸੀ।
ਥਾਣਾ ਅਮਰਗੜ੍ਹ ਵਿਖੇ ਪਾਟੇ ਕੱਪੜਿਆਂ ਨਾਲ ਹੱਥ ”ਚ ਆਪਣੀ ਸਿਰੋਂ ਲੱਥੀ ਪੱਗ ਲੈਕੇ ਪਹੁੰਚੇ ਬਜ਼ੁਰਗ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ ਉਸ ”ਤੇ ਅਚਾਨਕ ਹਮਲਾ ਕਰ ਦਿੱਤਾ,ਜਿਸ ਦੌਰਾਨ ਹੋਈ ਖਿੱਚ-ਧੂਅ ਵਿੱਚ ਉਸਦੀ ਪੱਗ ਸਿਰੋਂ ਲੱਥ ਗਈ ਤੇ ਉਹ ਸੜਕ ਉੱਤੇ ਡਿੱਗ ਗਿਆ। ਜਦੋਂ ਲੁਟੇਰੇ ਮੇਰੇ ਖੀਸੇ ਵਿੱਚੋਂ ਪਰਸ ਕੱਢਣ ਲੱਗੇ ਤਾਂ ਮੇਰੇ ਹੱਥ ਇੱਕ ਲੁਟੇਰੇ ਦੀ ਟੀ ਸਰਟ ਆ ਗਈ, ਜੋ ਮੈਂ ਛੱਡੀ ਨਹੀਂ।
ਇਸ ਖਿੱਚ-ਧੂਅ ਤੇ ਕੁੱਟਮਾਰ ਦੌਰਾਨ ਲੁਟੇਰੇ ਬਜ਼ੁਰਗ ਦਾ ਪਰਸ ਤਾਂ ਕੱਢ ਕੇ ਲੈ ਗਏ,ਪਰ ਇੱਕ ਦੀ ਟੀ ਸ਼ਰਟ ਪਾਟ ਕੇ ਬਜ਼ੁਰਗ ਦੇ ਹੱਥ ਵਿੱਚ ਰਹਿ ਗਈ। ਪਾਟੀ ਹੋਈ ਲਾਲ ਰੰਗ ਦੀ ਟੀ ਸ਼ਰਟ ਹੱਥ ਫੜ ਥਾਣੇ ਪਹੁੰਚੇ ਬਜ਼ੁਰਗ ਅਮਰਜੀਤ ਸਿੰਘ ਨੇ ਅਮਰਗੜ੍ਹ ਪੁਲਿਸ ਅੱਗੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ।
