ਛੱਤਬੀੜ ਚਿੜੀਆਘਰ ਦੇ ਕੱਚੇ ਮੁਲਾਜ਼ਮਾਂ ਨੇ ਦਿਤਾ ਧਰਨਾ


19 ਜੁਲਾਈ ਨੂੰ ਦਿੜਬਾ ਦੀ ਰੈਲੀ ‘ਚ ਜੰਗਲਾਤ ਮਜ਼ਦੂਰ ਹੋਣਗੇ ਸ਼ਾਮਲ
ਜ਼ੀਰਕਪੁਰ, 15 ਜੁਲਾਈ (ਅਵਤਾਰ ਧੀਮਾਨ) : ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਛੱਤਬੀੜ ਚਿੜੀਆਘਰ ਦੇ ਕੱਚੇ ਮੁਲਾਜ਼ਮਾਂ ਵਲੋਂ ਅੱਜ ਫੀਲਡ ਡਾਇਰੈਕਟਰ ਦਫ਼ਤਰ ਸਾਹਮਣੇ ਰੋਸ ਧਰਨਾ ਦਿਤਾ ਗਿਆ। ਇਹ ਧਰਨਾ ਲੰਮੇ ਸਮੇਂ ਤੋਂ ਨਿਯੁਕਤੀ ਆਡਰਾਂ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਵਲੋਂ ਵਿਭਾਗ ਦੀ ਲਾਪਰਵਾਹੀ ਖ਼ਿਲਾਫ਼ ਦਿਤਾ ਗਿਆ।
ਯੂਨੀਅਨ ਦੇ ਪ੍ਰਧਾਨ ਛਿੰਦਰਪਾਲ ਸਿੰਘ ਨੇ ਧਰਨੇ ਦੀ ਅਗਵਾਈ ਕਰਦਿਆਂ ਦੱਸਿਆ ਕਿ ਕਈ ਅਜਿਹੇ ਕੱਚੇ ਮੁਲਾਜ਼ਮ ਹਨ ਜਿਨ੍ਹਾਂ ਦੀ ਮੈਡੀਕਲ ਜਾਂਚ ਅਤੇ ਪੁਲਿਸ ਇਨਕੁਆਰੀ ਪਿਛਲੇ 15 ਤੋਂ 20 ਦਿਨਾਂ ਵਿਚ ਹੋ ਚੁੱਕੀ ਹੈ, ਪਰ ਅਜੇ ਤਕ ਉਹਨਾਂ ਨੂੰ ਨ ਕੋਈ ਨਿਯੁਕਤੀ ਆਡਰ ਮਿਲਿਆ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਅਗਲੀ ਕਾਰਵਾਈ ਹੋਈ ਹੈ। ਉਹਨਾਂ ਦੱਸਿਆ ਕਿ ਵਿਭਾਗ ਵਲੋਂ ਨਾ ਤਾਂ ਕਿਸੇ ਪ੍ਰਕਾਰ ਦੀ ਸਪਸ਼ਟਤਾ ਦਿਤੀ ਜਾ ਰਹੀ ਹੈ, ਨਾ ਹੀ ਮੁਲਾਜ਼ਮਾਂ ਦੀ ਚਿੰਤਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਮੀਡੀਆ ਰਾਹੀਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਕਈ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ, ਪਰ ਜਮੀਨੀ ਹਕੀਕਤ ਇਨ੍ਹਾਂ ਵਾਅਦਿਆਂ ਤੋਂ ਬਿਲਕੁਲ ਵੱਖਰੀ ਹੈ।
ਛਿੰਦਰਪਾਲ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਾਮਲੇ ਦਾ ਤੁਰੰਤ ਹੱਲ ਨਾ ਕੀਤਾ ਗਿਆ, ਤਾਂ 19 ਜੁਲਾਈ 2025 ਨੂੰ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜਬਾ ਵਿਖੇ ਇਕ ਵੱਡੀ ਰੋਸ਼ ਰੈਲੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਸੂਬੇ ਭਰ ਤੋਂ ਜੰਗਲਾਤ ਮਜ਼ਦੂਰ ਸ਼ਾਮਲ ਹੋਣਗੇ। ਉਨ੍ਹਾਂ ਆਖਿਰ ‘ਚ ਸੂਬਾ ਸਰਕਾਰ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਨਾਲ ਹੋ ਰਹੀ ਧੱਕੇਸ਼ਾਹੀ ਖ਼ਤਮ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਨਿਯੁਕਤੀ ਆਡਰ ਜਾਰੀ ਕਰਕੇ ਨੌਕਰੀ ‘ਚ ਲਾਇਆ ਜਾਵੇ।