ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ 5 ਅਗਸਤ ਨੂੰ ਮੋਹਾਲੀ ਤੋਂ ਵੱਜੇਗਾ ਸੰਘਰਸ਼ੀ ਬਿਗੁਲ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਕੀਤਾ ਐਲਾਨ

0
01_08_2025-01fzr_9_01082025_648_9514525

ਮੋਹਾਲੀ, 1 ਅਗਸਤ 2025 (ਨਿਊਜ਼ ਟਾਊਨ ਨੈਟਵਰਕ) :

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਨੇ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਜਿਸਦੇ ਤਹਿਤ 5 ਅਗਸਤ ਨੂੰ ਅਧਿਆਪਕਾਂ ਦਾ ਇੱਕ ਸਮੂਹਿਕ ਵਫ਼ਦ ਪੀੜਤ ਅਧਿਆਪਕਾਂ ਨੂੰ ਨਾਲ ਲੈ ਕੇ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਸਿੱਖਿਆ ਡਾਇਰੈਕਟੋਰੇਟ ਮੋਹਾਲੀ ਤੱਕ ਰੋਸ ਮਾਰਚ ਕਰੇਗਾ। ਇਸ ਰੋਸ ਮਾਰਚ ਤੋਂ ਬਾਅਦ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ 5 ਸਤੰਬਰ ‘ਅਧਿਆਪਕ ਦਿਵਸ’ ਲਈ ਫੈਸਲਾਕੁੰਨ ਸੰਘਰਸ਼ ਦਾ ‘ਨੋਟਿਸ’ ਅਤੇ ‘ਮੰਗ ਪੱਤਰ’ ਸੌਂਪਿਆ ਜਾਵੇਗਾ। ਜੇਕਰ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ ‘ਅਧਿਆਪਕ ਦਿਵਸ’ ਮੌਕੇ ਵੱਡਾ ਐਕਸ਼ਨ ਹੋਵੇਗਾ।

ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਡਾ. ਰਵਿੰਦਰ ਕੰਬੋਜ਼ ਅਤੇ ਨਰਿੰਦਰ ਭੰਡਾਰੀ ਨੂੰ ਜਾਰੀ ਕੀਤੀਆਂ ਟਰਮੀਨੇਸ਼ਨਾਂ ਰੱਦ ਕਰਕੇ ਸੇਵਾਵਾਂ ਰੈਗੂਲਰ ਕਰਨ ਅਤੇ ਓਡੀਐੱਲ ਅਧਿਆਪਕਾਂ ਦੇ ਰੈਗੂਲਰ ਆਰਡਰ ਇਕ ਹਫ਼ਤੇ ਵਿੱਚ ਜਾਰੀ ਕਰਨ ਦਾ ਭਰੋਸਾ ਸਿਰਫ਼ ਇੱਕ ਲਾਰਾ ਸਾਬਿਤ ਹੋਇਆ ਹੈ। ਡੀਟੀਐੱਫ ਨੇ ਦੱਸਿਆ ਕਿ 6635 ਈਟੀਟੀ, 3704 ਮਾਸਟਰ ਅਤੇ 899 ਅੰਗਰੇਜ਼ੀ ਅਧਿਆਪਕ ਭਰਤੀ ਦੀਆਂ ਰਿਕਵੈਸਟ ਚੋਣ ਸੂਚੀਆਂ ਤੋਂ ਬਾਹਰ ਕੀਤੇ 300 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਨਾਲ ਹੀ ਰੈਗੂਲਰ ਹੋ ਚੁੱਕੇ ਓਡੀਐੱਲ ਅਧਿਆਪਕਾਂ ਦੇ 10 ਸਾਲਾਂ ਦੇ ਤਨਖ਼ਾਹ ਬਕਾਏ ਅਤੇ 180 ਅਧਿਆਪਕਾਂ ਨੂੰ ਮੁੱਢਲੀ ਭਰਤੀ 4500 ਈਟੀਟੀ ਦੇ ਬਣਦੇ ਲਾਭ ਵੀ ਨਹੀਂ ਮਿਲੇ ਹਨ। ਇਸ ਤੋਂ ਇਲਾਵਾ ਕੰਪਿਊਟਰ ਫੈਕਲਟੀ, ਮੈਰੀਟੋਰੀਅਸ ਅਧਿਆਪਕਾਂ ਅਤੇ ਸਾਰੇ ਕੱਚੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਵੀ ਸਿੱਖਿਆ ਵਿਭਾਗ ਵਿੱਚ ਪੂਰੀ ਤਰ੍ਹਾਂ ਰੈਗੂਲਰ ਨਹੀਂ ਕੀਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ 3582 ਮਾਸਟਰ ਕਾਡਰ ਨੂੰ ਸਾਰੇ ਬਕਾਏ ਦੇਣ, ਠੇਕੇ ਦੇ ਆਧਾਰ ’ਤੇ ਕੀਤੀ ਸੇਵਾ ਨੂੰ ਵੀ ਸਾਲਾਨਾ ਛੁੱਟੀਆਂ ਵਿੱਚ ਸ਼ਾਮਲ ਕਰਨ ਅਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਲਈ ਛੇਵੇਂ ਪੰਜਾਬ ਤਨਖ਼ਾਹ ਸਕੇਲਾਂ ਅਨੁਸਾਰ ਪੇਅ ਫਿਕਸੇਸ਼ਨ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰਮੋਸ਼ਨਾਂ ਨੂੰ ਮੁਕੰਮਲ ਕਰਨ ਦਾ ਭਰੋਸਾ ਵੀ ਝੂਠ ਦਾ ਪੁਲੰਦਾ ਸਾਬਿਤ ਹੋਇਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 5 ਸਤੰਬਰ ਨੂੰ ਵੱਡਾ ਐਕਸ਼ਨ ਕੀਤਾ ਜਾਵੇਗਾ।

Leave a Reply

Your email address will not be published. Required fields are marked *