Rape Case ਵਿੱਚ ਭਗੌੜੇ Lalit Modi ਦੇ ਭਰਾ Sameer ਦੀਆਂ ਵਧੀਆਂ ਮੁਸ਼ਕਲਾਂ


ਨਵੀਂ ਦਿੱਲੀ, 20 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਭਗੌੜੇ ਕਾਰੋਬਾਰੀ ਲਲਿਤ ਮੋਦੀ ਦੇ ਭਰਾ ਤੇ ਕਾਰੋਬਾਰੀ ਸਮੀਰ ਮੋਦੀ ਨੂੰ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬੀਤੇ ਦਿਨ ਦਿੱਲੀ ਦੀ ਸਾਕੇਤ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਸ ‘ਤੇ 2019 ਦੇ ਬਲਾਤਕਾਰ ਅਤੇ ਧਮਕੀ ਦੇ ਇਕ ਮਾਮਲੇ ਵਿਚ ਗੰਭੀਰ ਦੋਸ਼ ਹਨ।
ਸਾਕੇਤ ਅਦਾਲਤ ਵਿਚ, ਦਿੱਲੀ ਪੁਲਿਸ ਨੇ ਸਮੀਰ ਮੋਦੀ ਲਈ ਤਿੰਨ ਦਿਨਾਂ ਦੇ ਵਾਧੂ ਪੁਲਿਸ ਰਿਮਾਂਡ ਦੀ ਬੇਨਤੀ ਕੀਤੀ। ਸ਼ਿਕਾਇਤਕਰਤਾ ਦੇ ਵਕੀਲ ਨੇ ਦਲੀਲ ਦਿਤੀ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਦੀ ਸੁਣਵਾਈ ਕੈਮਰੇ ਵਿਚ ਹੋਣੀ ਚਾਹੀਦੀ ਹੈ। ਸਮੀਰ ਮੋਦੀ ਦੇ ਵਕੀਲ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਜ਼ਮਾਨਤ ਵਰਗੇ ਮਾਮਲਿਆਂ ਦੀ ਸੁਣਵਾਈ ਕੈਮਰੇ ਵਿਚ ਨਹੀਂ ਹੁੰਦੀ। ਹਾਲਾਂਕਿ, ਅਦਾਲਤ ਨੇ ਸ਼ਿਕਾਇਤਕਰਤਾ ਦੀ ਦਲੀਲ ਨੂੰ ਸਵੀਕਾਰ ਕਰ ਲਿਆ ਅਤੇ ਕੈਮਰੇ ਵਿਚ ਸੁਣਵਾਈ ਦਾ ਆਦੇਸ਼ ਦੇ ਦਿਤਾ ਹੈ। ਇਸ ਦੇ ਨਾਲ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਵੀ ਮਨਜ਼ੂਰ ਕਰ ਲਿਆ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ 22 ਸਤੰਬਰ ਨੂੰ ਹੋਵੇਗੀ।
ਧਿਆਨ ਦੇਣ ਯੋਗ ਹੈ ਕਿ ਸਮੀਰ ਮੋਦੀ ਮੋਦੀ ਇੰਟਰਪ੍ਰਾਈਜ਼ਿਜ਼ ਦੇ ਮੈਨੇਜਿੰਗ ਡਾਇਰੈਕਟਰ, ਮੋਦੀਕੇਅਰ ਫ਼ਾਊਂਡੇਸ਼ਨ ਅਤੇ ਕਲਰਬਾਰ ਕਾਸਮੈਟਿਕਸ ਦੇ ਸੰਸਥਾਪਕ ਹਨ। ਉਹ ਲਲਿਤ ਮੋਦੀ ਦਾ ਭਰਾ ਹੈ, ਜੋ ਆਈ.ਪੀ.ਐਲ. ਵਿਵਾਦ ਤੋਂ ਬਾਅਦ ਵਿਦੇਸ਼ ਵਿਚ ਹੈ। ਦਿੱਲੀ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਨਿਊ ਫ੍ਰੈਂਡਜ਼ ਕਲੋਨੀ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376 (ਬਲਾਤਕਾਰ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਸਮੀਰ ਮੋਦੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। 10 ਸਤੰਬਰ ਨੂੰ ਦਰਜ ਕੀਤੀ ਗਈ ਐਫਆਈਆਰ ਵਿੱਚ, ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਸਮੀਰ ਮੋਦੀ ਨੇ 2019 ਤੋਂ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ, ਵਿਆਹ ਦੇ ਬਹਾਨੇ ਉਸ ਨੂੰ ਧੋਖਾ ਦਿੱਤਾ ਅਤੇ ਧਮਕੀਆਂ ਦਿੱਤੀਆਂ।
ਔਰਤ ਦਾ ਦੋਸ਼ ਹੈ ਕਿ ਮੋਦੀ ਨੇ ਉਸ ਨੂੰ ਫੈਸ਼ਨ ਅਤੇ ਜੀਵਨ ਸ਼ੈਲੀ ਉਦਯੋਗ ਵਿਚ ਕਰੀਅਰ ਬਣਾਉਣ ਦਾ ਵਾਅਦਾ ਕੀਤਾ ਅਤੇ ਬਾਅਦ ਵਿਚ ਉਸ ਨੂੰ ਅਪਣੇ ਘਰ ਬੁਲਾਇਆ ਅਤੇ ਦਸੰਬਰ 2019 ਵਿੱਚ ਪਹਿਲੀ ਵਾਰ ਉਸ ‘ਤੇ ਸਰੀਰਕ ਹਮਲਾ ਕੀਤਾ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੂੰ ਲਗਾਤਾਰ ਪਰੇਸ਼ਾਨੀ ਅਤੇ ਬਲੈਕਮੇਲ ਕੀਤਾ ਗਿਆ, ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਅਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿਤੀਆਂ ਗਈਆਂ।
ਇਸ ਦੌਰਾਨ, ਸਮੀਰ ਮੋਦੀ ਦੀ ਕਾਨੂੰਨੀ ਟੀਮ ਨੇ ਦੋਸ਼ਾਂ ਨੂੰ ਝੂਠਾ ਅਤੇ ਪੈਸੇ ਵਸੂਲਣ ਦੀ ਸਾਜ਼ਿਸ਼ ਦਸਿਆ ਹੈ। ਉਨ੍ਹਾਂ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਔਰਤ ਨੇ ₹50 ਕਰੋੜ (50 ਕਰੋੜ ਰੁਪਏ) ਦੀ ਮੰਗ ਕੀਤੀ ਸੀ ਅਤੇ ਸਮੀਰ ਮੋਦੀ ਨੇ ਇਸ ਦੇ ਸਬੂਤ ਵਜੋਂ 8 ਅਤੇ 13 ਅਗਸਤ ਨੂੰ ਵੱਖ-ਵੱਖ ਪੁਲਿਸ ਅਧਿਕਾਰੀਆਂ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਸਨ।
ਵਕੀਲਾਂ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਜਲਦਬਾਜ਼ੀ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੇ ਪ੍ਰਬੰਧਾਂ ਦੀ ਦੁਰਵਰਤੋਂ ਦਾ ਮਾਮਲਾ ਹੈ। ਉਨ੍ਹਾਂ ਨੂੰ ਨਿਆਂਪਾਲਿਕਾ ਅਤੇ ਜਾਂਚ ਏਜੰਸੀਆਂ ‘ਤੇ ਪੂਰਾ ਭਰੋਸਾ ਹੈ ਕਿ ਸੱਚਾਈ ਸਾਹਮਣੇ ਆਵੇਗੀ।