ਸ਼ਰਾਬ ਪੀ ਕੇ ਥਾਂ-ਥਾਂ ਡਿੱਗਣ ਵਾਲਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਚੱਲਿਆ : ਅਸ਼ਵਨੀ ਸ਼ਰਮਾ


ਕਿਹਾ, 3 ਸਾਲ ਤੋਂ ਪੰਜਾਬ ‘ਚ ਸਰਕਾਰ ਨਹੀਂ ਸਰਕਸ ਚਲਾ ਰਹੇ ਨੇ ਭਗਵੰਤ ਮਾਨ
ਅਹੁਦਾ ਸੰਭਾਲਦੇ ਹੀ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਖਿਲਾਫ ਕੀਤਾ ਵੱਡਾ ਐਲਾਨ
ਚੰਡੀਗੜ੍ਹ, 13 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਤਵਾਰ ਰਸਮੀ ਤੌਰ ‘ਤੇ ਅਹੁਦਾ ਸੰਭਾਲ ਲਿਆ। ਇਸ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ‘ਤੇ ਤਿੱਖੇ ਹਮਲੇ ਕੀਤੇ। ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਸਵਾ 3 ਸਾਲ ਤੋਂ ਪੰਜਾਬ ਵਿਚ ਸਰਕਾਰ ਨਹੀਂ ਬਲਕਿ ਸਰਕਸ ਚਲਾ ਰਹੇ ਨੇ।
ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਵਿਚ ਪ੍ਰੋਗਰਾਮ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ, “ਪੰਜਾਬ ਇਸ ਸਮੇਂ ਨਿਕੰਮੇ ਮੁੱਖ ਮੰਤਰੀ ਦੀ ਤਬਦੀਲੀ ਚਾਹੁੰਦਾ ਹੈ।” ਉਨ੍ਹਾਂ ਵਰਕਰਾਂ ਨੂੰ ਸਪਸ਼ਟ ਕਿਹਾ ਕਿ ਜੇਕਰ ਉਹ “ਤੂੰ-ਤੜਕ” ਦੀ ਭਾਸ਼ਾ ਸਮਝਦਾ ਹੈ, ਤਾਂ “ਜੀ-ਜੀ” ਕਹਿਣ ਦੀ ਕੋਈ ਲੋੜ ਨਹੀਂ। “ਤੂੰ” ਨੂੰ ਦੁੱਗਣਾ ਕਰਕੇ ਵਾਪਸ ਮੋੜਨਾ ਪਵੇਗਾ। ਉਨ੍ਹਾਂ ਕਿਹਾ ਕਿ ਸੀਐਮ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸ਼ਰਮਨਾਕ ਟਿੱਪਣੀਆਂ ਕੀਤੀਆਂ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰ ‘ਤੇ ਟਿੱਪਣੀ ਕੀਤੀ ਸੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਤੜੀਪਾਰ ਤਕ ਕਹਿ ਦਿਤਾ ਸੀ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜਿਸ ਤਰ੍ਹਾਂ ਸਰਕਸ ਵਿਚ ਕਰਤਬ ਦਿਖਾ ਕੇ ਕਲਾਕਾਰ ਲੋਕਾਂ ਦਾ ਧਿਆਨ ਜ਼ਿੰਦਗੀ ਦੀਆਂ ਅਸਲ ਚੁਣੌਤੀਆਂ ਤੋਂ ਭਟਕਾਉਂਦੇ ਨੇ, ਉਸੇ ਤਰ੍ਹਾਂ ਭਗਵੰਤ ਮਾਨ ਪਿਛਲੇ 3 ਸਾਲ 4 ਮਹੀਨਿਆਂ ਤੋਂ ਬੇਵਜਹ ਦੇ ਮੁੱਦੇ ਖੜ੍ਹੇ ਕਰਕੇ ਪੰਜਾਬੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਰਹੇ ਨੇ।

ਅਸ਼ਵਨੀ ਸ਼ਰਮਾ ਨੇ ਕਰੜੇ ਹੁੰਦਿਆਂ ਕਿਹਾ ਕਿ ਬੇਅਦਬੀ ਮਾਮਲੇ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਵਾਲੇ ਭਗਵੰਤ ਮਾਨ ਦੱਸਣ ਕਿ 12 ਜਨਵਰੀ 2022 ਨੂੰ ਬੇਅਦਬੀ ‘ਤੇ ਅਰਵਿੰਦ ਕੇਜਰੀਵਾਲ ਦੁਆਰਾ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਕਿਸਨੇ ਰੋਕਿਆ? ਜਿਸ ਵਿਚ ਕੇਜਰੀਵਾਲ ਨੇ ਕਿਹਾ ਸੀ, “30 ਦਿਨਾਂ ਵਿਚ ਬਰਗਾੜੀ ਅਤੇ ਹੋਰ ਬੇਅਦਬੀ ਮਾਮਲਿਆਂ ਵਿਚ ਫਾਸਟ ਟ੍ਰੈਕ ਕੋਰਟ ਰਾਹੀਂ ਇਨਸਾਫ਼ ਮਿਲੇਗਾ।”
ਉਨ੍ਹਾਂ ਮਾਨ ਸਰਕਾਰ ਦੀ ਕਰਨੀ-ਕੱਥਨੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਵਾਅਦਾ ਕਿ “ਸੱਤਾ ਮਿਲਦੇ ਹੀ 30 ਦਿਨਾਂ ਵਿਚ ਨਸ਼ਾ ਖ਼ਤਮ ਕਰ ਦੇਣਗੇ” ਦੀ ਨਾਕਾਮਯਾਬੀ ਨੂੰ ਲੁਕਾਉਣ ਲਈ ਸਰਕਸ ਕਰਦਿਆਂ ਮਾਨ ਨੇ “ਯੁੱਧ ਨਸ਼ੇ ਵਿਰੁੱਧ” ਛੇੜ ਕੇ ਲੋਕਾਂ ਦਾ ਧਿਆਨ ਭਟਕਾਇਆ। ਨਸ਼ਾ ਕਾਰੋਬਾਰ ਵਿਚ ਸ਼ਾਮਲ ਵੱਡੀਆਂ ਮੱਛਲੀਆਂ ਨੂੰ ਪਕੜਨ ਦਾ ਵਾਅਦਾ ਕੀਤਾ, ਪਰ ਜਦੋਂ ਰਾਜ ਸਭਾ ਸਾਂਸਦ ਰਾਘਵ ਚੱਡਾ ‘ਤੇ ਆਪ ਪਾਰਟੀ ਦੇ ਵਿਧਾਇਕ ਨੇ ਹੀ ਇਲਜ਼ਾਮ ਲਗਾਏ ਤਾਂ ਧਿਆਨ ਭਟਕਾਉਣ ਲਈ “ਯੁੱਧ ਨਸ਼ੇ ਵਿਰੁੱਧ” ਛੇੜ ਦਿਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੋਈ ਏਹ ਨਾ ਪੁੱਛੇ ਕਿ ਪੰਜਾਬ ਵਿਧਾਨ ਸਭਾ ਵਿਚ ਜਿਨ੍ਹਾਂ ਕਾਂਗਰਸ ਦੇ ਚਾਰ ਵੱਡੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਚ ਸ਼ਾਮਲ ਹੋਣ ਦੇ ਸਬੂਤ ਹੋਣ ਦਾ ਦਾਅਵਾ ਕੀਤਾ ਸੀ, ਉਨ੍ਹਾਂ ‘ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਇਸ ਲਈ ਕਿਉਂਕਿ ਅਸਲ ‘ਚ ਭ੍ਰਿਸ਼ਟਾਚਾਰ ‘ਤੇ ਸਿਰਫ ਸਰਕਸ ਕੀਤੀ ਜਾ ਰਹੀ ਹੈ, ਹੋਰ ਕੁਝ ਨਹੀਂ।
ਬੀ.ਬੀ.ਐੱਮ.ਬੀ. (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਦੇ ਮੁੱਦੇ ‘ਤੇ ਪੰਜਾਬੀ ਇਹ ਨਹੀਂ ਪੁੱਛਣ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ 3 ਸਾਲਾਂ ਵਿਚ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ 2550 ਖਾਲੀ ਅਹੁਦੇ ਕਿਉਂ ਨਹੀਂ ਭਰੇ? ਇਸ ਲਈ ਕੇਂਦਰੀ ਸੁਰੱਖਿਆ ਬਲਾਂ (ਸੀਆਈਐਸਐਫ਼) ਦੀ ਨਿਯੁਕਤੀ ਨੂੰ ਨੀਤੀ ਆਯੋਗ, ਕੈਬਨਿਟ ਮੀਟਿੰਗ, ਵਿਧਾਨ ਸਭਾ ਵਿਚ ਪ੍ਰਸਤਾਵ ਪਾਸ ਕਰਕੇ ਮੁੱਦਾ ਬਣਾਇਆ ਜਾ ਰਿਹਾ ਹੈ। ਬੀ.ਬੀ.ਐੱਮ.ਬੀ. ਦੀ ਬੋਰਡ ਮੀਟਿੰਗ ਵਿਚ ਇਤਰਾਜ਼ ਜਤਾ ਕੇ ਹੀ ਸੀ.ਆਈ.ਐਸ.ਐਫ. ਦੀ ਨਿਯੁਕਤੀ ਰੋਕੀ ਜਾ ਸਕਦੀ ਸੀ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਦੇ ਵਿਰੁੱਧ ਪੰਜਾਬ ਭਰ ਵਿਚ ਕਿਸਾਨਾਂ ਅਤੇ ਭਾਜਪਾ ਦੁਆਰਾ ਕੀਤੇ ਜਾ ਰਹੇ ਵਿਰੋਧ ਤੋਂ ਧਿਆਨ ਭਟਕਾਉਣ ਲਈ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਕਾਨੂੰਨ-ਵਿਵਸਥਾ ਦੀ ਹਾਲਤ ਪੰਜਾਬ ਵਿਚ ਖ਼ਰਾਬ ਹੈ—ਗੈਂਗਸਟਰ ਰਾਜ ਕਰ ਰਹੇ ਨੇ, ਵਪਾਰੀਆਂ ਨੂੰ ਫਿਰੌਤੀਆਂ ਦੀਆਂ ਧਮਕੀਆਂ, ਦਿਨਦਹਾੜੇ ਕਤਲ, ਸੜਕਾਂ – ਗਲੀਆਂ ਚ ਔਰਤਾਂ ਦੇ ਗਹਿਣੇ ਲੁੱਟੇ ਜਾ ਰਹੇ ਨੇ, ਪੁਲਿਸ ਹਿਰਾਸਤ ਵਿਚ ਮੌਤਾਂ ਹੋ ਰਹੀਆਂ ਨੇ, ਫਰਜ਼ੀ ਮੁਕਾਬਲਿਆਂ ਦੇ ਇਲਜ਼ਾਮ ਲੱਗ ਰਹੇ ਨੇ—ਇਹਨਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਰਕਸ ਕੀਤੀ ਜਾ ਰਹੀ ਹੈ।
ਅਸ਼ਵਨੀ ਸ਼ਰਮਾ ਨੇ ਤੰਜ ਕੱਸਦਿਆਂ ਕਿਹਾ ਕਿ ਛੱਜ ਤਾਂ ਬੋਲੇ… ਛਾਣਨੀ ਵੀ ਬੋਲੇ। ਸ਼ਰਾਬ ਪੀ ਕੇ ਜਗ੍ਹਾ-ਜਗ੍ਹਾ ਡਿੱਗਣ ਵਾਲਾ ਵਿਅਕਤੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਚੱਲਾ ਹੈ। ਕੀ ਇਸ ਤਰ੍ਹਾਂ ਪੰਜਾਬ ਨਸ਼ਾ ਮੁਕਤ ਬਣ ਸਕਦਾ ਹੈ? ਜਿਹੜਾ ਵਿਅਕਤੀ ਸ਼ਰਾਬ ਪੀ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਚਲਾ ਜਾਂਦਾ ਹੈ, ਕੀ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਸਕਦਾ ਹੈ।” ਅਸ਼ਵਨੀ ਸ਼ਰਮਾ ਨੇ ਕਿਹਾ, “ਮਾਨ ਸਾਹਿਬ ਜੇਕਰ ਤੁਸੀਂ ਗਲੀ ਦੀ ਭਾਸ਼ਾ ਬੋਲੋਗੇ ਤਾਂ ਤੁਹਾਨੂੰ ਉਸੇ ਭਾਸ਼ਾ ਵਿਚ ਜਵਾਬ ਮਿਲੇਗਾ। ਭਾਰਤੀ ਜਨਤਾ ਪਾਰਟੀ ਤੁਹਾਡੇ ਤੋਂ ਨਹੀਂ ਡਰਦੀ।” ਅਸ਼ਵਨੀ ਸ਼ਰਮਾ ਨੇ ਸੀਐਮ ਭਗਵੰਤ ਮਾਨ ਉਪਰ ਤਿੱਖਾ ਹਮਲਾ ਬੋਲ ਕੇ ਸਪਸ਼ਟ ਕਰ ਦਿਤਾ ਹੈ ਕਿ ਬੀਜੇਪੀ ਅਗਲੇ ਸਮੇਂ ਵਿਚ ਸਰਕਾਰ ਨਾਲ ਸਿੱਧਾ ਆਢਾ ਲਾਉਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਹ ਭੁੱਲ ਗਏ ਨੇ ਕਿ ਉਹ ਇਕ ਸਟੇਜ ਕਲਾਕਾਰ ਨਹੀਂ, ਸਗੋਂ ਪੰਜਾਬ ਦੇ ਸੰਵਿਧਾਨਿਕ ਪਦ ‘ਤੇ ਬੈਠੇ ਮੁੱਖ ਮੰਤਰੀ ਨੇ। ਅਸ਼ਵਨੀ ਨੇ ਆਖਿਰ ਚ ਕਿਹਾ ਕਿ “ਜਿਸ ਭਾਸ਼ਾ ਵਿਚ ਭਗਵੰਤ ਮਾਨ ਬੋਲਣਗੇ, ਉਸੇ ਭਾਸ਼ਾ ਵਿਚ 4 ਗੁਣਾ ਵਧਾ ਕੇ ਪੰਜਾਬ ਭਾਜਪਾ ਸੜਕਾਂ ‘ਤੇ ਉਨ੍ਹਾਂ ਨੂੰ ਜਵਾਬ ਦੇਵੇਗੀ।”
ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਦਿਤੀ ਗਈ ਜ਼ਿੰਮੇਵਾਰੀ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਾਅਰੇ ਲਗਾਉਣ ਨਾਲ ਸੱਤਾ ਨਹੀਂ ਬਦਲਦੀ, ਸੱਤਾ ਬਦਲਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਹੁਣ ਇਸ ਲਈ ਤਿਆਰ ਰਹੋ।
ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜਿਨ੍ਹਾਂ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕੌਮੀ ਸਕੱਤਰ ਭਾਜਪਾ ਨਰੇਂਦਰ ਸਿੰਘ ਰੈਨਾ, ਮੈਂਬਰ ਸੰਸਦੀਯ ਬੋਰਡ ਭਾਜਪਾ ਇਕਬਾਲ ਸਿੰਘ ਲਾਲਪੁਰਾ, ਸਾਂਸਦ ਰਾਜਸਭਾ ਸਰਦਾਰ ਸਤਨਾਮ ਸਿੰਘ ਸੰਧੂ, ਸੂਬਾ ਮਹਾਂਮੰਤਰੀ ਸੰਗਠਨ ਮੰਥਰੀ ਸ਼੍ਰੀਨਿਵਾਸ ਸੁਲੂ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਵਿਜੇ ਸੰਪਲਾ, ਸ਼ਵੇਤ ਮਲਿਕ ਅਤੇ ਪ੍ਰਦੇਸ਼ ਭਰ ਤੋਂ ਆਏ ਹਜ਼ਾਰਾਂ ਕਾਰਜਕਰਤਾਵਾਂ ਦੀ ਮੌਜੂਦਗੀ ਵਿਚ ਕਾਰਜਕਾਰੀ ਸੂਬਾ ਪ੍ਰਧਾਨ ਦੇ ਤੌਰ ‘ਤੇ ਜ਼ਿੰਮੇਵਾਰੀ ਸੰਭਾਲੀ।
ਇਸ ਮੌਕੇ ‘ਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ ਤੇ ਸੋਮ ਪ੍ਰਕਾਸ਼, ਸਾਬਕਾ ਡਿਪਟੀ ਸਪੀਕਰ ਲੋਕਸਭਾ ਚਰਨਜੀਤ ਸਿੰਘ ਅਟਵਾਲ, ਸਾਬਕਾ ਘਟ ਗਿਣਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਰਾਏ, ਸਾਬਕਾ ਮੰਤਰੀ ਮਨਪ੍ਰੀਤ ਬਾਦਲ, ਤਿਕਸ਼ਣ ਸੂਦ, ਸੁਰਜੀਤ ਜਯਾਨੀ, ਰਾਣਾ ਗੁਰਮੀਤ ਸਿੰਘ ਸੋਢੀ, ਦੀਨੇਸ਼ ਬੱਬੂ ਦੇ ਨਾਲ-ਨਾਲ ਸਾਬਕਾ ਸਾਂਸਦ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸੀਮਾ ਦੇਵੀ, ਸ਼ੀਤਲ ਅੰਗੁਰਾਲ, ਅਰਵਿੰਦ ਖੰਨਾ, ਫਤਹਿ ਜੰਗ ਬਾਜਵਾ, ਸਰਬਜੀਤ ਸਿੰਘ ਮੱਕੜ, ਅਸ਼ਵਨੀ ਸੇਖੜੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
