ਚੌਧਰੀ ਮੁਹੰਮਦ ਸ਼ਮਸ਼ਾਦ ਅਤੇ ਚੌਧਰੀ ਮੁਹੰਮਦ ਸ਼ਾਹਿਦ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ


ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ : ਜ਼ਾਹਿਦਾ ਸੁਲੇਮਾਨ
(ਨਿਊਜ਼ ਟਾਊਨ ਨੈਟਵਰਕ)
ਮਾਲੇਰਕੋਟਲਾ, 7 ਸਤੰਬਰ : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦ ਸ਼ਹਿਰ ਦੇ ਵੱਖ-ਵੱਖ ਵਾਰਡਾਂ ਨਾਲ ਸਬੰਧਤ ਨੌਜੁਆਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਚੌਧਰੀ ਮੁਹੰਮਦ ਸ਼ਮਾਸ਼ਦ ਅਤੇ ਚੌਧਰੀ ਮੁਹੰਮਦ ਸ਼ਾਹਿਦ ਦੀ ਅਗਵਾਈ ਹੇਠ ਇਕੱਤਰ ਹੋਏ ਨੌਜੁਆਨਾਂ ਨੇ ਪਾਰਟੀ ਦੇ ਰਾਏਕੋਟ ਰੋਡ ਦਫ਼ਤਰ ਵਿਚ ਪੁੱਜ ਕੇ ਸ. ਸੁਖਬੀਰ ਸਿੰਘ ਬਾਦਲ ਦੀ ਦਰਿਆ-ਦਿਲੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਜਿਸ ਢੰਗ ਨਾਲ ਸੁਖਬੀਰ ਸਿੰਘ ਬਾਦਲ ਨੇ ਮੌਕੇ ਉਤੇ ਹੀ ਮਦਦ ਕੀਤੀ ਹੈ, ਉਹ ਤਾਰੀਫ਼ ਦੇ ਕਾਬਲ ਹੈ। ਜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਦੀ ਹੈ ਤਾਂ ਨੌਜੁਆਨਾਂ ਨੂੰ ਉਮੀਦ ਹੈ ਕਿ ਉਹ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਉਤੇ ਤੋਰਨਗੇ। ਨੌਜੁਆਨਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਜਿਹੜਾ ਕੰਮ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ, ਉਹ ਸਰਕਾਰ ਵੀ ਨਹੀਂ ਕਰ ਸਕੀ। ਨੌਜੁਆਨਾਂ ਨੇ ਕਿਹਾ ਕਿ ਬੀਬਾ ਜ਼ਾਹਿਦਾ ਸੁਲੇਮਾਨ ਦੀ ਹਲਕੇ ਲਈ ਸੇਵਾ-ਭਾਵਨਾ ਬਹੁਤ ਸ਼ਲਾਘਾਯੋਗ ਹੈ। ਉਹ ਲਗਾਤਾਰ ਮਾਲੇਰਕੋਟਲਾ ਦੇ ਮਸਲੇ ਉਠਾ ਰਹੇ ਹਨ। ਨੌਜੁਆਨਾਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਹਰ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਪੜ੍ਹੇ-ਲਿਖੇ ਨੌਜੁਆਨਾਂ ਨੂੰ ਪਾਰਟੀ ਵਿਚ ਸੱਦਾ ਦਿੰਦਿਆਂ ਆਖਿਆ ਕਿ ਨਵੇਂ ਲੋਕਾਂ ਨੂੰ ਅਹੁਦੇ ਦਿਤੇ ਜਾਣਗੇ ਤਾਕਿ ਉਹ ਅਪਣੇ ਹਲਕੇ ਅਤੇ ਅਪਣੇ ਲੋਕਾਂ ਦੀ ਸੇਵਾ ਕਰ ਸਕਣ। ਬੀਬਾ ਜ਼ਾਹਿਦਾ ਸੁਲੇਮਾਨ ਅਤੇ ਚੌਧਰੀ ਮੁਹੰਮਦ ਸੁਲੇਮਾਨ ਨੋਨਾ ਨੇ ਨੌਜੁਆਨਾਂ ਦਾ ਸਿਰੋਪਾਉ ਨਾਲ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਅਤੇ ਜ਼ਾਹਿਦਾ ਸੁਲੇਮਾਨ ਜ਼ਿੰਦਾਬਾਦ ਦੇ ਨਾਹਰੇ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਹਨੀਫ਼ ਬਾਬੂ, ਮੁਹੰਮਦ ਇਫ਼ਤਖ਼ਾਰ ਭੋਲਾ, ਅਬਦੁਲ ਰਸ਼ੀਦ ਉਰਫ਼ ਜੀਲਾਨੀ, ਮੁਹੰਮਦ ਸੁਲਤਾਨ, ਮੁਹੰਮਦ ਖ਼ਾਲਿਦ, ਮੁਹੰਮਦ ਆਜ਼ਮ, ਮੁਹੰਮਦ ਆਦਿਲ ਅਤੇ ਹੋਰ ਆਗੂਆਂ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਨ ਦਾ ਐਲਾਨ ਕੀਤਾ।