‘ਅੱਗਾ ਦੌੜ ਪਿੱਛਾ ਛੋੜ’ ਵਾਲੀ ਕਹਾਵਤ ‘ਤੇ ਕੰਮ ਕਰ ਰਹੀ ਨਗਰ ਕੌਂਸਲ !


ਮਾਲੇਰਕੋਟਲਾ, 2 ਸਤੰਬਰ (ਮੁਨਸ਼ੀ ਫ਼ਾਰੂਕ) :
ਨਗਰ ਕੌਂਸਲ ਮਾਲੇਰਕੋਟਲਾ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਵਿਭੀਗੀ ਮੁਲਾਜ਼ਮਾਂ ਦੇ ਕੰਮਾਂ ਨੂੰ ਲੈਕੇ ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਹਲਕੇ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੇ ਏਜੰਡੇ ਅਨੁਸਾਰ ਸ਼ਹਿਰ ਦੇ ਕਾਫ਼ੀ ਵਾਰਡਾਂ ਦੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ। ਭਰੋਸੇਯੋਗ ਸੂਤਰਾਂ ਮੁਤਾਬਕ ਮੁਹੱਲਾ ਮਲੇਰ ਦੀਆਂ ਗਲੀਆਂ ਮੁਹੱਲਿਆਂ ਲਈ ਆਊਟ ਆਫ ਵੇ ਮਤਾ ਲਿਆ ਕੇ ਕੰਮਾਂ ਦੀ ਪ੍ਰਵਾਨਗੀ ਦਿੱਤੀ ਗਈ। ਉਥੇ ਹੀ ਬੜੇ ਅਫਸੋਸ ਦੀ ਗੱਲ ਹੈ ਸ਼ਹਿਰ ਦੀ ਪ੍ਸਿੱਧ ਜਾਮਾ ਮਸਜਿਦ ਰੋਡ ਜਿਸ ਦਾ ਬਹੁਤ ਬੁਰਾ ਹਾਲ ਹੈ ਜਿਸ ਦੀਆਂ ਨਾਲੀਆਂ ਵਾਰ ਵਾਰ ਸੜਕ ਉੱਚੀ ਕਰਨ ਨਾਲ ਬਹੁਤ ਡੂੰਘੀਆਂ ਹੋ ਗਈਆਂ ਹਨ ਤੇ ਕਈ ਥਾਵਾਂ ਤੋਂ ਤਾਂ ਨਾਲੀਆਂ ਮਿੱਟੀ ਨਾਲ ਬੰਦ ਹੋ ਗਈਆਂ ਹਨ। ਮੀਹਾਂ ਦੇ ਦਿਨਾਂ ਵਿਚ ਪਾਣੀ ਖੜ ਜਾਂਦਾ ਹੈ ਤੇ ਦਲਦਲ ਬਣ ਜਾਂਦੀ ਹੈ।
ਪਰ ਵਿਧਾਇਕ ਸਮੇਤ ਕਿਸੇ ਵੀ ਮੈਂਬਰ ਨੇ ਇਸ ਵੱਲ ਮੀਟਿੰਗ ਵਿੱਚ ਵਿਚਾਰ ਚਰਚਾ ਹੀ ਨਹੀਂ ਕੀਤੀ। ਜਦੋਂ ਏਜੰਡੇ ਤੌਂ ਬਾਹਰ ਆਊਟ ਆਫ ਦੇ ਮੁਹੱਲਾ ਮਲੇਰ ਬਾਰੇ ਗੱਲ ਹੋ ਸਕਦੀ ਹੈ ਤਾਂ ਇਸ ਜਾਮਾ ਮਸਜਿਦ ਰੋਡ ਬਾਰੇ ਕਿਉਂ ਨਹੀਂ। ਸੂਤਰਾਂ ਤੋਂ ਇਹ ਪਤਾ ਚੱਲਿਆ ਹੈ ਕਿ ਮੀਟਿੰਗ ਵਿੱਚ ਇੱਕ ਮੈਂਬਰ ਵੱਲੋਂ ਇਹ ਵੀ ਕਿਹਾ ਗਿਆ ਕਿ ਮੇਰੇ ਵਾਰਡ ਦੇ 2022 ਵਿੱਚ ਕੰਮ ਪਾਸ ਹੋਏ ਤੇ ਟੈਂਡਰ ਵੀ ਲੱਗੇ ਪਰ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਏ। ਇਸ ਤੋਂ ਤਾਂ ਇਹ ਲੱਗਦਾ ਨਗਰ ਕੌਂਸਲ “ਅੱਗਾ ਦੌੜ ਪਿੱਛਾ ਛੋੜ” ਵਾਲੀ ਕਹਾਵਤ ਤੇ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਮੁਹੰਮਦ ਸ਼ਕੀਲ ਕਾਲਾ ਕੌਂਸਲਰ ਨੇ ਵੀ ਪਿੱਛਲੇ ਦਿਨੀਂ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਨਾਲ ਲੈਕੇ ਆਵਾਜ਼ ਉਠਾਈ ਸੀ ਕਿ ਸਾਗਰ ਪੈਲੇਸ ਤੋਂ ਕੋਟੀ ਰੋਡ ਤੇ ਸੜਕ ਬਣਾਉਣ ਦੀ ਪ੍ਰਵਾਨਗੀ ਹਾਊਸ ਨੇ 2011 ਵਿੱਚ ਦਿੱਤੀ ਸੀ ਤੇ ਕੰਮ ਕਰਨ ਲਈ ਟੈਂਡਰ ਵੀ ਹੋ ਗਿਆ ਸੀ,ਪਰ ਅਜੇ ਤੱਕ ਉਕਤ ਸੜਕ ਦਾ ਕੰਮ ਸਿਆਸਤ ਦੀ ਭੇਂਟ ਚੜਿਆ ਹੋਇਆ ਹੈ। ਇਸੇ ਤਰ੍ਹਾਂ ਜੇਕਰ ਨਗਰ ਕੌਂਸਲ ਦੇ ਰਿਕਾਰਡ ਨੂੰ ਵਾਚਿਆ ਜਾਵੇ ਤਾਂ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਕੰਮ ਹਾਊਸ ਤੌਂ ਪਾਸ ਹੋ ਕੇ ਟੈਂਡਰ ਹੋਣ ਦੇ ਬਾਵਜੂਦ ਲੰਬੇ ਸਮੇਂ ਤੋਂ ਠੰਡੇ ਬਸਤੇ ਵਿੱਚ ਹੀ ਪਏ ਹਨ।ਇਸ ਦਾ ਜ਼ਿੰਮੇਵਾਰ ਨਗਰ ਕੌਂਸਲ ਦੇ ਅਧੀਕਾਰੀ ਹਨ ਜਾਂ ਪ੍ਰਧਾਨ?