ਮੰਤਰੀ ਇਹ ਵੀ ਨਾ ਦੱਸ ਸਕਿਆ ਕਿ ਪੰਜਾਬ ’ਚ ਹੜ੍ਹਾਂ ਕਰਕੇ ਕਿੰਨੇ ਲੋਕਾਂ ਦੀ ਜਾਨ ਗਈ ਹੈ?


(ਨਿਊਜ਼ ਟਾਊਨ ਨੈਟਵਰਕ)
ਫ਼ਾਜ਼ਿਲਕਾ, 8 ਸਤੰਬਰ : ਪੰਜਾਬ ’ਚ ਇਸ ਸਮੇਂ ਹੜ੍ਹਾਂ ਮਗਰੋਂ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ ਪਰ ਸੂਬੇ ਦੇ ਪੰਚਾਇਤ ਮੰਤਰੀ ਅਤੇ ਪੰਜਾਬ ਸਰਕਾਰ ਦੀ ਬਣਾਈ ਹੜ੍ਹ ਪ੍ਰਬੰਧਕੀ ਕਮੇਟੀ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਭਾਰੀ ਤਰੁਣਪ੍ਰੀਤ ਸਿੰਘ ਸੋਂਧ ਨੂੰ ਇਹ ਪਤਾ ਨਹੀਂ ਕਿ ਪੰਜਾਬ ਦੇ ਕਿੰਨੇ ਪਿੰਡ ਹੜ੍ਹ ਪ੍ਰਭਾਵਿਤ ਹਨ। ਸਭ ਤੋਂ ਹੈਰਾਨੀ ਦੀ ਗੱਲ ਹੈ ਹੈ ਕਿ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੂੰ ਇਹ ਵੀ ਨਹੀਂ ਪਤਾ ਹੈ ਕਿ ਹੜ੍ਹਾਂ ਕਰਕੇ ਕਿੰਨੇ ਲੋਕਾਂ ਨੇ ਜਾਨਾਂ ਗਵਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕਿੰਨੇ ਲੋਕ ਫਸੇ ਹੋਏ ਹਨ, ਇਸ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਹਰ ਇਕ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੈ। ਇਥੇ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਅੱਜ ਹੜ੍ਹ ਦੀ ਮਾਰ ਹੇਠ ਹੈ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਹੋਣ ਦੇ ਨਾਲ-ਨਾਲ ਹੜ੍ਹ ਨਾਲ ਨਜਿੱਠਣ ਲਈ ਬਣਾਈ ਕਮੇਟੀ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਭਾਰੀ ਹੋਣ ’ਤੇ ਪੰਜਾਬ ਕਿਸ ਮੁਸੀਬਤ ਦੀ ਘੜੀ ਨਾਲ ਜੂਝ ਰਿਹਾ ਹੈ, ਇਹ ਪਤਾ ਨਾ ਹੋਵੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਇਸ ਸਥਿਤੀ ਨੂੰ ਲੈਕੇ ਕਿੰਨੀ ਕੂ ਸੰਜੀਦਾ ਨਜ਼ਰ ਆਉਂਦੀ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਜ਼ਿਲ੍ਹਾ ਫ਼ਾ਼ਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜਾ ਲੈਣ ਆਏ ਸੀ ਤੇ ਇਸ ਤੋਂ ਪਹਿਲਾਂ ਡੀ.ਸੀ ਕੰਪਲੈਕਸ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਵਲੋਂ ਤਿਆਰ ਕਰਕੇ ਜਾਣਕਾਰੀ ਦਿਤੀ। ਜਿਸ ਨੂੰ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ। ਇਸ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿਤਾ। ਇਨ੍ਹਾਂ ਹੀ ਨਹੀਂ ਪੱਤਰਕਾਰਾਂ ਵਲੋਂ ਜਦੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਕਰੀਬ 30 ਪਿੰਡਾਂ ਦੀ ਸਥਿਤੀ ਬਾਰੇ ਸਵਾਲ ਪੁੱਛੇ ਤਾਂ ਉਸ ਦਾ ਵੀ ਜਵਾਬ ਕੈਬਨਿਟ ਮੰਤਰੀ ਕੋਲ ਨਹੀਂ ਸੀ। ਪੰਜਾਬ ਦੀ ਮਾਨ ਸਰਕਾਰ ਵਲੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਹੜ੍ਹ ਨਾਲ ਪ੍ਰਭਾਵਿਤ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰ ਵਲੋਂ ਪ੍ਰਭਾਰੀ ਬਣਾਏ ਗਏ ਹਨ।
