ਘੱਗਰ ਦਰਿਆ ‘ਚ ਵਧੇ ਪਾਣੀ ਦੇ ਪੱਧਰ ਨੇ ਮੁੜ ਵਧਾਈ ਲੋਕਾਂ ਦੀ ਚਿੰਤਾ !


ਬਨੂੜ , 29 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਪਹਾੜਾਂ ਵਿੱਚ ਪੈ ਰਹੇ ਮੀਂਹ ਤੋਂ ਬਾਅਦ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ, ਜਿਸ ਤੋਂ ਬਾਅਦ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ, ਜਿਸ ਨਾਲ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਜੋ ਨੇੜਲੇ ਇਲਾਕਿਆਂ ਦੇ ਲੋਕਾਂ ਲਈ ਖਤਰੇ ਦੀ ਘੰਟੀ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਚੋਕਸ ਰਹਿਣ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਸਿੰਜਾਈ ਵਿਭਾਗ ਦੇ ਭਾਂਖਰਪੁਰ ਦੇ ਘੱਗਰ ਦਰਿਆ ਦੇ ਪੁਲ ਉਤੇ ਪਾਣੀ ਮਾਪਣ ਵਾਲੇ ਅਮਲੇ ਨੇ ਘੱਗਰ ਵਿੱਚ ਪਾਣੀ ਵਧਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 4 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਲੱਗਾ ਸੀ, ਜੋ ਵੇਖਦੇ ਹੀ ਵਖਦੇ 10 ਫੁੱਟ ਤੱਕ ਪੁੱਜ ਗਿਆ। ਸਵੇਰੇ 9 ਵਜੇ ਪਾਣੀ ਦਾ ਪੱਧਰ ਸਾਡੇ ਗਿਆਰਾਂ ਫੁੱਟ ਤੇ ਵੱਗ ਰਿਹਾ ਸੀ।
ਆਮ ਦਿਨਾਂ ਵਿਚ ਘੱਗਰ ਵਿੱਚ ਪਾਣੀ ਦਾ ਵਹਿਣ ਇੱਕ ਤੋਂ ਡੇਢ ਫੁੱਟ ਤੱਕ ਰਹਿੰਦਾ ਹੈ। ਇੰਨੀ ਸਮਰੱਥਾ ਵਿੱਚ ਘੱਗਰ ਦਰਿਆ ਵਿੱਚ ਵਧਿਆ ਪਾਣੀ ਨੀਵੇਂ ਖ਼ੇਤਰਾਂ ਵਿਚ ਰਹਿੰਦੇ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। ਘੱਗਰ ਦਰਿਆ ਵਧੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਕੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਪੂਰੀ ਤਰਾਂ ਸਤਰਕ ਰਹਿਣ ਦੀ ਅਪੀਲ ਕੀਤੀ। ਪ੍ਰਸ਼ਾਸਨ ਵੱਲੋਂ ਘੱਗਰ ਦਰਿਆ ਤੇ ਤੈਨਾਤ ਕਰਮਚਾਰੀਆਂ ਨਾਲ ਪੂਰਾ ਤਾਲਮੇਲ ਬਣਾਇਆ ਹੋਇਆ ਹੈ।