ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਦੇ ਪੜਪੋਤੇ ਦੀ ਹੋਈ ਦਸਤਾਰਬੰਦੀ

0
Screenshot 2026-02-02 182307

ਕੁੰਵਰ ਅਭਿਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਮੌਕੇ ਹੀਰਾ ਮਹਿਲ ’ਚ ਲੱਗੀਆਂ ਰੌਣਕਾਂ

ਨਾਭਾ, 3 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਨਾਭਾ ਰਿਆਸਤ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ 124 ਸਾਲਾਂ ਬਾਅਦ ਨਾਭਾ ਦੇ ਕੁੰਵਰ ਅਭਿਉਦੈ ਪ੍ਰਤਾਪ ਸਿੰਘ ਦੀ ਅੱਜ ਦਸਤਾਰਬੰਦੀ ਹੋਈ ਹੈ। ਦਰਅਸਲ, ਪੰਜਾਬ ਦੇ ਪਟਿਆਲਾ ਦੇ ਹੀਰਾ ਮਹਿਲ ਵਿਖੇ ਸੋਮਵਾਰ ਨੂੰ ਇੱਕ ਸਦੀ ਤੋਂ ਵੱਧ ਪੁਰਾਣੀ (124 ਸਾਲ ) ਸ਼ਾਹੀ ਸਿੱਖ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਗਿਆ। ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਪੜਪੋਤੇ ਅਭੀਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਹਰਿਆਣਾ ਸੀਐੱਮ ਨਾਇਬ ਸਿੰਘ ਸੈਣੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਿਰਕਤ ਕੀਤੀ। ਇਸ ਮੌਕੇ ਕੁੰਵਰ ਅਭਿਉਦੈ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਫਿਰ 124 ਸਾਲਾਂ ਬਾਅਦ ਦੁਬਾਰਾ ਤੋਂ ਇੱਕ ਚੌਕੜੇ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੰਨ ਹੋਣਗੇ ਅਤੇ ਇਸ ਮੌਕੇ ਮੇਰੀ ਦਸਤਾਰਬੰਦੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਦਸਤਾਰਬੰਦੀ ਦੀ ਰਸਮ ਖ਼ਤਮ ਹੁੰਦੀ ਜਾ ਰਹੀ ਹੈ। ਇਸ ਲਈ ਸਿੱਖ ਪਰਿਵਾਰਾਂ ਨੂੰ ਦਸਤਾਰਬੰਦੀ ਦੀ ਰਸਮ ਸਮੇਂ ਸਮਾਗਮ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਨਾਲ ਜੁੜ ਸਕਣ। ਇਸ ਮੌਕੇ ਕੁੰਵਰ ਅਭਿਉਦੈ ਪ੍ਰਤਾਪ ਸਿੰਘ ਦੇ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ, ਕਿਉਂਕਿ 124 ਸਾਲ ਬਾਅਦ ਅੱਜ ਸ਼ਾਹੀ ਹੀਰਾ ਮਹਿਲ ਵਿਚ ਮੁੜ ਰੌਣਕਾਂ ਲੱਗੀਆਂ ਹਨ। ਦਸਤਾਰਬੰਦੀ ਸਮਾਗਮ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਅੱਜ ਦੇਸ਼ ਦੇ ਵੱਡੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹਨ ਅਤੇ ਇਸ ਮੌਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਰਿਆਸਤੀ ਸ਼ਹਿਰ ਨਾਭਾ ਦੇ ਸਾਹੀ ਹੀਰਾ ਮਹਿਲ ਵਿਖੇ ਪਹੁੰਚੇ। ਇਸ ਦੌਰਾਨ ਐਡਵੋਕੇਟ ਧਾਮੀ ਵੱਲੋਂ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਕੇ ਯੁਵਰਾਜ ਅਭਿਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਸ ਸਮੇਂ ਉਹ ਪਹਿਲਾਂ ਸ਼ਾਹੀ ਹੀਰਾ ਮਹਿਲ ਵਿਖੇ ਪਹੁੰਚੇ ਸਨ ਤਾਂ ਉਸ ਸਮੇਂ ਹੀਰਾ ਮਹਿਲ ਦੀ ਹਾਲਾਤ ਕੁਝ ਹੋਰ ਸੀ ਤੇ ਅੱਜ ਰਾਣੀ ਪ੍ਰੀਤੀ ਸਿੰਘ ਦੀ ਅਣਥਕ ਮਿਹਨਤ ਸਦਕਾ ਹੀਰਾ ਮਹਿਲ ਨੂੰ ਪੁਰਾਣੀ ਦਿੱਖ ਦੇ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ ਅਤੇ ਭਾਈ ਆਤਮ ਪ੍ਰਕਾਸ਼ ਸਿੰਘ ਮੈਨੇਜਰ ਗੁਰਦੁਆਰਾ ਡੇਰਾ ਬਾਬਾ ਜਬਲ ਸਿੰਘ ਘੋੜਿਆਂਵਾਲਾ ਮੌਜੂਦ ਸਨ।

Leave a Reply

Your email address will not be published. Required fields are marked *