ਕੌਣ ਬਚਿਆ, ਕੌਣ ਫਸਿਆ? ਪਾਤੜਾਂ ਦੀ ਅੱਗ ਨੇ ਮਚਾਈ ਹਾਹਾਕਾਰ…


ਪਾਤੜਾਂ, 19 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਪਾਤੜਾਂ ‘ਚ ਜਾਖਲ ਰੋਡ ‘ਤੇ ਭਾਂਡਿਆਂ ਦੀ ਫੈਕਟਰੀ ‘ਚ ਅੱਗ ਲੱਗਣ ਨਾਲ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੋ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਢੇ ਤਿੰਨ ਘੰਟਿਆਂ ਤੋਂ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗਜ਼ਨੀ ਦੀ ਘਟਨਾ ਤੋਂ ਬਾਅਦ ਖਬਰ ਲਿਖੇ ਜਾਣ ਤਕ ਕੁਝ ਮਜ਼ਦੂਰਾਂ ਦੇ ਅੰਦਰ ਫਸੇ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਿਵਲ ਸਰਜਨ ਪਟਿਆਲਾ ਦੀ ਅਗਵਾਈ ‘ਚ ਮੌਕੇ ਉੱਤੇ ਪੁੱਜੀਆਂ ਹੋਈਆਂ ਹਨ। ਅੱਗ ਬੁਝਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਫੈਕਟਰੀ ਦੀਆਂ ਕੰਧਾਂ ‘ਚ ਤਰੇੜਾਂ ਆ ਰਹੀਆਂ ਹਨ ਜਿਸ ਕਰਕੇ ਜਿੱਥੇ ਅੱਗ ਬੁਝਾਉਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਨਰਵਾਣਾ-ਜਾਖਲ ਰੋਡ ਬਾਈਪਾਸ ‘ਤੇ ਸਿੰਗਲਾ ਮੈਟਲ ਇੰਡਸਟਰੀਜ ਦੇ ਯੂਨਿਟ ਨੰਬਰ ਦੋ ਵਿੱਚ ਸਵੇਰੇ ਦਸ ਵੱਜ ਕੇ ਕੁਝ ਮਿੰਟਾਂ ‘ਤੇ ਅਚਾਨਕ ਅੱਗ ਲੱਗ ਗਈ। ਫੈਕਟਰੀ ‘ਚ ਵੱਡੇ ਪੱਧਰ ‘ਤੇ ਭਾਂਡਿਆਂ ਨੂੰ ਪੈਕ ਕਰਨ ਲਈ ਵਰਤੇ ਜਾਂਦੇ ਗੱਤੇ ਅਤੇ ਪਲਾਸਟਿਕ ਦਾ ਭੰਡਾਰ ਹੋਣ ਕਰਕੇ ਅੱਗ ਨੇ ਕੁਝ ਹੀ ਮਿੰਟਾਂ ‘ਚ ਵਿਕਰਾਲ ਰੂਪ ਧਾਰਨ ਕਰ ਲਿਆ।
ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੇ ਜਾਣ ‘ਤੇ ਅੱਗ ਬਝਾਊ ਗੱਡੀਆਂ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੀ ਗਰੀਨਐੱਸ ਵੈਲਫੇਅਰ ਫੋਰਸ ਦੇ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਫੈਕਟਰੀ ਦੇ ਨਾਲ ਲੱਗਦੇ ਖੇਤਾਂ ‘ਚ ਬਰਸਾਤ ਦੇ ਪਾਣੀ ਕਰਕੇ ਅੱਗ ਬੁਝਾਉਣ ‘ਚ ਮੁਸ਼ਕਿਲ ਪੇਸ਼ ਆਉਂਦੀ ਰਹੀ। ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਤੇ ਡੇਰਾ ਸਿਰਸਾ ਦੀ ਸੰਗਤ ਦੇ ਸੈਂਕੜਿਆਂ ਦੀ ਗਿਣਤੀ ‘ਚ ਵਲੰਟੀਅਰਾਂ ਵੱਲੋਂ ਅੱਗ ਤੇ ਕਾਬੂ ਪਾਏ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਆਪਰੇਸ਼ਨ ਦੀ ਅਗਵਾਈ ਐਸਡੀਐਮ ਪਾਤੜਾਂ ਅਸ਼ੋਕ ਕੁਮਾਰ ਖੁਦ ਕਰ ਰਹੇ ਹਨ।