ਸਾਂਝ ਕੇਂਦਰ ਸਟਾਫ਼ ਦਾ ਆਏ ਦਿਨ ਜਵਾਬ- ‘ਨੈਟ ਬੰਦ ਹੈ’, ਜਨਤਕ ਸੇਵਾਵਾਂ ਪੂਰੀ ਤਰ੍ਹਾਂ ਠੱਪ, ਲੋਕ ਪ੍ਰੇਸ਼ਾਨ!


ਪਟਿਆਲਾ, 9 ਦਸੰਬਰ (ਗੁਰਪ੍ਰਤਾਪ ਸਿੰਘ ਸਾਹੀ) : ਪੰਜਾਬ ਦੇ ਪੁਲਿਸ ਸਾਂਝ ਕੇਂਦਰ, ਜੋ ਲੋਕਾਂ ਨੂੰ ਘਰ ਦਰਵਾਜੇ ’ਤੇ ਸਹੂਲਤਾਂ ਦੇਣ ਲਈ ਬਣਾਏ ਗਏ ਸਨ, ਮੌਜੂਦਾ ਸਰਕਾਰ ਦੀ ਨੀਤੀ ਕਾਰਨ ਲਗਭਗ ਠੱਪ ਹੋ ਕੇ ਰਹਿ ਗਏ ਹਨ। ਸਰਕਾਰ ਵੱਲੋਂ ਪੁਲਿਸ ਸਾਂਝ ਕੇਂਦਰਾਂ ਲਈ ਵਿੱਚ ਸਹੂਲਤਾਂ ਦੇ ਬਦਲੇ ਦਿੱਤੀ ਜਾਣ ਵਾਲੀ ਫੀਸ ਸਰਕਾਰ ਦੇ ਖ਼ਜ਼ਾਨੇ ਵਿੱਚ ਟਰਾਂਸਫਰ ਕਰਨ ਦੇ ਫ਼ੈਸਲੇ ਨੇ ਹਲਚਲ ਮਚਾ ਦਿੱਤੀ ਹੈ।ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਸਾਂਝ ਕੇਂਦਰਾਂ ਦੇ ਨੈੱਟ ਬਿੱਲ, ਬਿਜਲੀ ਬਿੱਲ, ਪ੍ਰਿੰਟਿੰਗ, ਸਰਵਰ ਸਹਾਇਤਾ ਸਮੇਤ ਜ਼ਰੂਰੀ ਖਰਚੇ ਭਰਨ ਲਈ ਕੋਈ ਰਾਸ਼ੀ ਬਚੀ ਹੀ ਨਹੀਂ। ਨਤੀਜੇ ਵਜੋਂ ਪੁਲਿਸ ਸਾਂਝ ਕੇਂਦਰਾਂ ਦੇ ਇੰਟਰਨੈੱਟ ਕਨੈਕਸ਼ਨ ਬੰਦ ਹੋਣ ਕਾਰਨ ਸਿਸਟਮ ਬੰਦ ਪਏ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਪਬਲਿਕ ਪੁਲਿਸ ਸਾਂਝ ਕੇਂਦਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਜਾਂਦੀ ਹੈ ਤਾਂ ਸਾਂਝ ਕੇਂਦਰ ਦਾ ਸਟਾਫ ਕਹਿੰਦਾ ਹੈ ਕਿ ਨੈਟ ਬੰਦ ਹੈ। ਜਨਤਾ ਨੂੰ ਰੋਜ਼ਾਨਾ ਮਿਲਣ ਵਾਲੀਆਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਚੁੱਕੀਆਂ ਹਨ। ਦੂਜੇ ਪਾਸੇ, ਲੋਕਾਂ ਨੂੰ ਪੁਲਿਸ ਕਲਿਆਣ, ਵਰਕ ਫਰੰਟ ਤੇ ਦਸਤਾਵੇਜ਼ ਤਸਤੀਆਂ, ਈ-ਸੇਵਾਵਾਂ, ਤਸਦੀਕਾਂ, ਆਨਲਾਈਨ ਅਰਜ਼ੀਆਂ ਅਤੇ ਕਲੀਅਰੈਂਸ ਵਰਗੀਆਂ ਅਹਿਮ ਸਹੂਲਤਾਂ ਲਈ ਘੰਟਿਆਂ ਚੱਕਰ ਕੱਟਣੇ ਪੈ ਰਹੇ ਹਨ। ਕਈ ਥਾਵਾਂ ’ਤੇ ਲੋਕ ਭੜਕ ਉੱਠੇ ਅਤੇ ਨੈਟ ਸੇਵਾਵਾਂ ਬੰਦ ਮਿਲਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ।ਮੋਹਤਬਰ ਸਮਾਜ ਸੇਵੀ ਅਤੇ ਜਨਤਕ ਵਿਅਕਤੀਆਂ ਦੇ ਮੁਤਾਬਕ ਇਹ ਮੁਸ਼ਕਲ ਸਰਕਾਰ ਵੱਲੋਂ ਫੰਡ ਰੋਕਣ ਤੇ ਕਾਗਜ਼ੀ ਫੌਰਮੈਲਟੀਆਂ ਵਧਾਉਣ ਕਾਰਨ ਆਈ ਹੈ। ਕਈ ਥਾਵਾਂ ’ਤੇ ਕਿਹਾ ਜਾ ਰਿਹਾ ਹੈ ਕਿ “ਜਿਨ੍ਹਾਂ ਦਫ਼ਤਰਾਂ ਤੋਂ ਸਰਕਾਰ ਲੋਕਾਂ ਨੂੰ ਸੁਵਿਧਾ ਦੇਣ ਦਾ ਦਾਅਵਾ ਕਰਦੀ ਹੈ, ਉਨ੍ਹਾਂ ਦਾ ਹਾਲ ਸਭ ਤੋਂ ਮਾੜਾ ਕਰ ਦਿਤਾ ਗਿਆ ਹੈ।”ਇਸ ਫ਼ੈਸਲੇ ਨਾਲ ਪੁਲਿਸ ਢਾਂਚੇ ’ਤੇ ਵੀ ਵੱਡਾ ਪ੍ਰਭਾਵ ਪੈ ਰਿਹਾ ਹੈ। ਜਨਤਕ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਫੰਡ ਤੋਂ ਖਾਲੀ ਕੇਂਦਰ ਚਲਾਉਣਾ ਅਸੰਭਵ ਹੈ ਪਰ ਜ਼ਿੰਮੇਵਾਰੀ ਫਿਰ ਵੀ ਪੁਲਿਸ ’ਤੇ ਹੀ ਧਰੀ ਜਾ ਰਹੀ ਹੈ,ਜੋ ਚਿੰਤਾਜਨਕ ਹੈ।ਜਨਤਾ ਅਤੇ ਸਮਾਜ ਸੇਵੀ ਸੰਗਠਨਾਂ ਨੇ ਸਰਕਾਰ ਨੂੰ ਘੇਰਦਿਆਂ ਮੰਗ ਕੀਤੀ ਹੈ ਕਿ ਪੁਲਿਸ ਸਾਂਝ ਕੇਂਦਰਾਂ ਵੱਲੋਂ ਰੋਜ਼ਾਨਾ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਬਦਲੇ ਜੋ ਸਰਕਾਰੀ ਫੀਸ ਪੂਰੇ ਸਾਂਝ ਕੇਂਦਰਾਂ ਦੇ ਖਾਤਿਆਂ ਵਿੱਚ ਆਮਦਨ ਦੇ ਤੌਰ ਤੇ ਜਮਾਂ ਹੁੰਦੀ ਸੀ ਉਸ ਨੂੰ ਤੁਰੰਤ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ ਕਿਉਂਕਿ ਪਹਿਲਾਂ ਪੁਲਿਸ ਸਾਂਝ ਕੇਂਦਰਾਂ ਦੀ ਕੁਲ ਆਮਦਨ ਦਾ 50% ਪੈਸਾ ਹੀ ਸਰਕਾਰ ਦੇ ਖਜ਼ਾਨੇ ਵਿੱਚ ਜਮਾ ਹੁੰਦਾ ਸੀ ਅਤੇ ਬਾਕੀ ਬਚਿਆ 50% ਪੈਸਾ ਪੁਲਿਸ ਸਾਂਝ ਕੇਂਦਰ ਆਪਣੀਆ ਲੋੜਾਂ ਅਨੁਸਾਰ ਕਮੇਟੀ ਦੀ ਸਹਿਮਤੀ ਨਾਲ ਪੂਰਤੀ ਕਰ ਲੈਂਦੇ ਸਨ ਜਿਸ ਨਾਲ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਕੋਈ ਮੁਸ਼ਕਿਲ ਨਹੀਂ ਸੀ ਆਉਂਦੀ।ਜੇ ਲੋਕ ਸੇਵਾ ਲਈ ਬਣਾਏ ਪੁਲਿਸ ਸਾਂਝ ਕੇਂਦਰ ਦੀ ਬਿਜਲੀ ਅਤੇ ਇੰਟਰਨੈਟ ਸੇਵਾਵਾਂ ਬੰਦ ਹੋ ਜਾਣਗੀਆਂ ਤਾਂ ਲੋਕ ਸਹੂਲਤਾਂ ਕਿਵੇਂ ਸਫਲ ਹੋਣਗੀਆਂ।
