ਚੰਡੀਗੜ੍ਹ ਵਿਚ ਜਨਤਕ ਥਾਂ ’ਤੇ ਸ਼ਰਾਬ ਪੀਣ ਵਾਲਿਆਂ ਨੂੰ ਅਦਾਲਤ ਨੇ ਸੁਣਾਈ ਅਨੋਖੀ ਸਜ਼ਾ

0
WhatsApp Image 2025-08-07 at 5.27.54 PM

ਚੰਡੀਗੜ੍ਹ, 7 ਅਗੱਸਤ (ਦਰਗੇਸ਼ ਗਾਜਰੀ), (ਨਿਊਜ਼ ਟਾਊਨ ਨੈਟਵਰਕ) :

ਅਸੀਂ ਅਕਸਰ ਹੀ ਦੇਖਦੇ ਹਾਂ ਕਿ ਚੰਡੀਗੜ੍ਹ ਪੁਲਿਸ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਦੀ ਹੈ ਤੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲੈਂਦੀ ਹੈ ਪਰ ਇਸ ਵਾਰ ਚੰਡੀਗੜ੍ਹ ‘ਚ ਜਨਤਕ ਸਥਾਨ ‘ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਜ਼ਿਲ੍ਹਾ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਨੂੰ ਗਊਸ਼ਾਲਾ ’ਚ ਸਫ਼ਾਈ ਕਰਨ ਦੀ ਸਜ਼ਾ ਸੁਣਾਈ ਹੈ। ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸਚਿਨ ਯਾਦਵ ਦੀ ਅਦਾਲਤ ਨੇ ਦੋਵੇਂ ਵਿਅਕਤੀਆਂ ਨੂੰ ਰੋਜ਼ਾਨਾ ਚਾਰ ਦਿਨ 2 -2 ਘੰਟੇ ਸੈਕਟਰ-45 ਦੀ ਗਊਸ਼ਾਲਾ ’ਚ ਸੇਵਾ ਕਰਨ ਦਾ ਹੁਕਮ ਦਿੱਤਾ ਹੈ। ਜਿਸ ਤੋਂ ਬਾਅਦ ਦੋਵੇਂ ਆਰੋਪੀ ਸੈਕਟਰ-45 ਦੀ ਗਊਸ਼ਾਲਾ ’ਚ ਪਹੁੰਚ ਜਾਂਦੇ ਹਨ ਅਤੇ ਉਥੇ ਸਾਫ਼ ਸਫਾਈ ਕਰਦੇ ਹਨ। ਸਫਾਈ ਕਰਨ ਤੋਂ ਬਾਅਦ ਦੋਵਾਂ ਨੂੰ ਗਾਵਾਂ ਨੂੰ ਚਾਰਾ ਪਾਉਣ ਦਾ ਕੰਮ ਵੀ ਦਿਤਾ ਗਿਆ ਹੈ। ਦਰਅਸਲ ‘ਚ ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ 12 ਜੂਨ ਨੂੰ ਰੋਸ਼ਨ ਲਾਲ ਅਤੇ 18 ਜੂਨ ਨੂੰ ਮੁਹੰਮਦ ਰਫੀਕ ਨੂੰ ਜਨਤਕ ਸਥਾਨ ’ਤੇ ਸ਼ਰਾਬ ਪੀਂਦੇ ਹੋਏ ਹਿਰਾਸਤ ‘ਚ ਲਿਆ ਸੀ। ਇਨ੍ਹਾਂ ਖਿਲਾਫ ਪੁਲਿਸ ਨੇ ਭਾਰਤੀ ਨਿਆਂ ਦੀ ਧਾਰਾ 355 ਅਤੇ ਪੰਜਾਬ ਪੁਲਿਸ ਐਕਟ 2007 ਦੀ ਧਾਰਾ 68 (1) ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਲ ਹੀ ’ਚ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਦੋਵਾਂ ਆਰੋਪੀਆਂ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਸੀ। ਉਨ੍ਹਾਂ ਵਿਅਕਤੀਆਂ ਨੇ ਕੇਸ ਲੜਨ ਦੀ ਬਜਾਏ ਅਦਾਲਤ ’ਚ ਆਤਮ ਸਮਰਪਣ ਕਰਕੇ ਆਪਣੀ ਗਲਤੀ ਮੰਨ ਲਈ। ਜਿਸ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਨੂੰ ਨਵੇਂ ਕਾਨੂੰਨ ਤਹਿਤ ਸਜ਼ਾ ਦੇਣ ਦੀ ਬਜਾਏ ਇਨ੍ਹਾਂ ਕੋਲੋਂ ਸੇਵਾ ਕਰਵਾਉਣ ਦਾ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਇਹ ਦੋਵੇਂ ਲਗਾਤਾਰ ਚਾਰ ਦਿਨ ਸੈਕਟਰ -45 ਦੀ ਗਊਸ਼ਾਲਾ ’ਚ ਸੇਵਾ ਕਰਨਗੇ। ਇਨ੍ਹਾਂ ਨੂੰ ਰੋਜ਼ਾਨਾ ਦੋ ਘੰਟੇ ਤੱਕ ਗਊਸ਼ਾਲਾ ’ਚ ਸੇਵਾ ਕਰਕੇ ਆਪਣੀ ਹਾਜ਼ਰੀ ਲਗਾਉਣੀ ਹੋਵੇਗੀ। ਅਦਾਲਤ ਨੇ ਹੁਕਮਾਂ ਦੀ ਕਾਪੀ ਗਊਸ਼ਾਲਾ ਦੇ ਇੰਚਾਰਜ ਨੂੰ ਭੇਜ ਦਿਤੀ ਹੈ। ਸੇਵਾ ਪੂਰੀ ਹੋਣ ‘ਤੇ ਚਾਰ ਦਿਨਾਂ ’ਚ ਗਊਸ਼ਾਲਾ ਇੰਚਾਰਜ ਨੂੰ ਵੀ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਭੇਜਣੀ ਹੋਵੇਗੀ। ਇੱਕ ਵਿਅਕਤੀ ਹੱਥ ’ਚ ਝਾੜੂ ਲੈ ਕੇ ਸੇਵਾ ਕਰ ਰਿਹਾ ਸੀ। ਜਦੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਇਸ ਸੇਵਾ ਦਾ ਅਲੱਗ ਹੀ ਨਜ਼ਾਰਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਰੋਪੀਆਂ ਵਿਚੋਂ ਇਕ ਦੀ ਸਜ਼ਾ 1 ਅਕਤੂਬਰ ਨੂੰ ਸ਼ੁਰੂ ਹੋਈ ਸੀ ਤੇ 4 ਅਕਤੂਬਰ ਦਿਨ ਸੋਮਵਾਰ ਨੂੰ ਖ਼ਤਮ ਹੋ ਗਈ ਹੈ ਜਦਕਿ ਦੂਜੇ ਆਰੋਪੀ ਦੀ ਸਜ਼ਾ 4 ਅਕਤੂਬਰ ਨੂੰ ਸ਼ੁਰੂ ਹੋਈ ਸੀ ਤੇ 7 ਅਕਤੂਬਰ ਯਾਨੀ ਅੱਜ ਖਤਮ ਹੋ ਗਈ ਹੈ।

Leave a Reply

Your email address will not be published. Required fields are marked *