ਫਾਜ਼ਿਲਕਾ ‘ਚ ਲਗੇਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, 200 ਫੁੱਟ ਹੋਵੇਗੀ ਉੱਚਾਈ, ਪਾਕਿਸਤਾਨ ਦਾ ਝੰਡਾ ਵੀ ਲੱਗੇਗਾ ਛੋਟਾ


ਫਾਜ਼ਿਲਕਾ, 20 ਜੁਲਾਈ (ਨਿਊਜ਼ ਟਾਊਨ ਨੈੱਟਵਰਕ) : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਲਗਾਇਆ ਜਾ ਰਿਹਾ ਹੈ, ਜਿਸ ਦੀ ਉਚਾਈ 200 ਫੁੱਟ (60 ਮੀਟਰ) ਹੋਵੇਗੀ। ਇਹ ਝੰਡਾ ਭਾਰਤ-ਪਾਕਿਸਤਾਨ ਸੀਮਾ ਦੇ ਸਾਦਕੀ ਬਾਰਡਰ ‘ਤੇ ਲਗਾਇਆ ਜਾਵੇਗਾ ਅਤੇ 15 ਅਗਸਤ 2025 ਨੂੰ ਇਸਦਾ ਉਦਘਾਟਨ ਕੀਤਾ ਜਾਵੇਗਾ। ਇਹ ਤਿਰੰਗਾ ਪਾਕਿਸਤਾਨ ਦੇ ਝੰਡੇ ਨਾਲੋਂ ਲਗਭਗ 15 ਤੋਂ 20 ਮੀਟਰ ਉੱਚਾ ਹੋਵੇਗਾ। ਪਾਕਿਸਤਾਨ ਨੇ ਜਿੱਥੇ ਆਪਣਾ ਝੰਡਾ ਇਕ ਟਾਵਰ ‘ਤੇ ਲਾਇਆ ਹੈ, ਉਥੇ ਭਾਰਤ ਵਲੋਂ ਇਹ ਝੰਡਾ ਫਲੈਗ ਪੋਲ ‘ਤੇ ਲਾਇਆ ਜਾਵੇਗਾ। ਇਹ ਝੰਡਾ 3 ਤੋਂ 4 ਕਿਲੋਮੀਟਰ ਦੂਰ ਤੋਂ ਵੀ ਸਾਫ਼-ਸਾਫ਼ ਨਜ਼ਰ ਆਵੇਗਾ। ਇਸ ਮਹੱਤਵਪੂਰਨ ਉਪਰਾਲੇ ਦੀ ਸ਼ੁਰੂਆਤ 26 ਜਨਵਰੀ 2025 ਨੂੰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵੰਨਾ ਵੱਲੋਂ ਨੀਂਹ ਪੱਥਰ ਰੱਖ ਕੇ ਕੀਤੀ ਗਈ ਸੀ। ਝੰਡਾ ਲਗਾਉਣ ਦੀ ਜ਼ਿੰਮੇਵਾਰੀ ਬਜਾਜ ਕੰਪਨੀ ਨੂੰ ਦਿੱਤੀ ਗਈ ਸੀ, ਜਿਸ ਨੇ 2 ਤੋਂ 2.5 ਮਹੀਨੇ ਵਿਚ ਇਸਨੂੰ ਤਿਆਰ ਕੀਤਾ। ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਝੰਡਾ ਲਗਾਉਣ ਦਾ ਕੰਮ ਜ਼ੋਰੋ-ਸ਼ੋਰਾਂ ਨਾਲ ਜਾਰੀ ਹੈ ਅਤੇ 15 ਅਗਸਤ ਤੋਂ ਪਹਿਲਾਂ ਇਹ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਹੋਰ ਮਜ਼ਬੂਤ ਕਰੇਗਾ। ਅਜਿਹਾ ਰਾਸ਼ਟਰੀ ਝੰਡਾ ਪੰਜਾਬ ਵਿੱਚ ਪਹਿਲਾਂ ਸ੍ਰੀ ਅੰਮ੍ਰਿਤਸਰ ਦੇ ਵਾਹਗਾ ਬਾਰਡਰ ‘ਤੇ ਲਾਇਆ ਗਿਆ ਸੀ। ਹੁਣ ਫਾਜ਼ਿਲਕਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਰਗੀਆਂ ਸਰਹੱਦਾਂ ਉੱਤੇ ਭਾਰਤ-ਪਾਕਿਸਤਾਨ ਰਿਟਰੀਟ ਸੈਰੇਮਨੀ ਨੂੰ ਹੋਰ ਰੌਣਕ ਮਿਲੇਗੀ।