ਸਿੱਖ ਜਥੇਬੰਦੀਆਂ ਤੇ ਪਖੰਡੀ ਬਾਬੇ ਦਰਮਿਆਨ ਬਣਿਆ ਟਕਰਾਅ ਟਲਿਆ !


ਫਿਰੋਜ਼ਪੁਰ , 30 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਪਿਛਲੇ ਕੁਝ ਦਿਨਾਂ ਤੋਂ ਡੇਰਾ ਵਡਭਾਗ ਸਿੰਘ ਦੇ ਡੇਰੇ ਨਾਲ ਜੁੜੇ ਇਕ ਵਿਅਕਤੀ ਅਤੇ ਫਿਰੋਜ਼ਪੁਰ ਦੀ ਸਮੁੱਚੀਆਂ ਸਿੱਖ ਜਥੇਬੰਦੀਆਂ ਦਰਮਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇਣ ਦੇ ਮਸਲੇ ਤੇ ਜੋ ਤਣਾਅ ਬਣਿਆ ਸੀ, ਉਹ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਜਥੇਬੰਦੀਆਂ ਦੇ ਫੈਸਲੇ ਮੁਤਾਬਿਕ ਪੂਰੀ ਸੂਝਬੂਝ ਨਾਲ ਹੱਲ ਕਰਕੇ ਦੋਹਾਂ ਧਿਰਾਂ ਦਰਮਿਆਨ ਬਣਿਆ ਟਕਰਾਅ ਟਾਲ ਦਿੱਤਾ ਗਿਆ। ਫੈਸਲੇ ਮੁਤਾਬਿਕ ਜੋ ਵਿਅਕਤੀ ਬੇਅੰਤ ਸਿੰਘ ਵਾਸੀ ਬਾਹਰਵਾਰ ਜ਼ੀਰਾ ਗੇਟ ਆਪਣੇ ਘਰ ਬਾਬਾ ਵਢਭਾਗ ਸਿੰਘ ਦੀ ਗੱਦੀ ਲਾਉਂਦਾ ਹੈ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਖੰਡ ਪਾਠ ਕਰਵਾਉਣਾ ਚਾਹੁੰਦਾ ਸੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਸੀ, ਜਿਸ ਤੇ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਇੰਟਰਨੈਸ਼ਨਲ ਪੰਥਕ ਦਲ, ਏਕਨੂਰ ਖਾਲਸਾ ਫੌਜ਼ ਅਤੇ ਕਈ ਹੋਰ ਸੰਪਰਦਾਵਾਂ ਸ਼ਾਮਲ ਸਨ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਅਤੇ ਉਹ ਵਿਅਕਤੀ ਆਪਣੀ ਜਿੱਦ ਤੇ ਅੜਿਆ ਹੋਇਆ ਸੀ, ਜਿਸ ਕਾਰਨ ਦੋਵਾਂ ਧਿਰਾਂ ਦਰਮਿਆਨ ਟਰਕਾਅ ਦੀ ਸਥਿਤੀ ਬਣੀ ਹੋਈ ਸੀ।
ਪੁਲਿਸ ਪ੍ਰਸ਼ਾਸਨ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ਼ ਜਤਿੰਦਰ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਵਿਅਕਤੀ ’ਤੇ ਦਬਾਅ ਬਣਾਇਆ ਅਤੇ ਸਿੱਖ ਜਥੇਬੰਦੀਆਂ ਵੱਲੋਂ ਲਾਏ ਇਤਰਾਜ਼ ਨਾਲ ਸਹਿਮਤ ਹੁੰਦਿਆਂ ਉਸ ਨੂੰ ਸਮਝਾਇਆ ਅਤੇ ਤਾੜਨਾ ਕੀਤੀ ਕਿ ਉਹ ਆਪਣੇ ਘਰ ਵਿਚ ਜਿਥੇ ਉਹ ਗੱਦੀ ਲਾਉਂਦਾ ਹੈ, ਕਿਸੇ ਵੀ ਸੂਰਤ ਵਿਚ ਅਖੰਡ ਪਾਠ ਘਰ ਨਹੀਂ ਕਰਵਾ ਸਕਦਾ। ਜਿਸ ਤੇ ਉਸ ਨੇ ਮਾਮਲੇ ਨੂੰ ਸਮਝਦਿਆਂ ਕਿਸੇ ਹੋਰ ਘਰ ਵਿਚ ਅਖੰਡ ਪਾਠ ਕਰਵਾ ਦਿੱਤਾ, ਜਿਸ ਤੇ ਸਾਰਾ ਮਾਮਲਾ ਸਾਂਤ ਹੋ ਗਿਆ।
ਸਿੱਖ ਜਥੇਬੰਦੀਆਂ ਦੇ ਆਗੂਆਂ ਵਿਚ ਭਾਈ ਲਖਬੀਰ ਸਿੰਘ ਮਹਾਲਮ, ਭਾਈ ਜਸਪਾਲ ਸਿੰਘ, ਬਾਬਾ ਸਤਨਾਮ ਸਿੰਘ ਵੱਲੀਆ, ਲਖਬੀਰ ਸਿੰਘ ਨੰਬਰਦਾਰ, ਡਾ. ਗੁਰਮੀਤ ਸਿੰਘ, ਕੁਲਦੀਪ ਸਿੰਘ ਨੰਢਾ, ਸਵਰਨ ਸਿੰਘ, ਜਗਤਾਰ ਸਿੰਘ, ਸਰਬਜੀਤ ਸਿੰਘ, ਹਰਜਿੰਦਰ ਸਿੰਘ ਬੱਗਾ, ਜਸਬੀਰ ਸਿੰਘ ਜੱਸ, ਬਲਕਾਰ ਸਿੰਘ, ਹਰਜਿੰਦਰ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਸਨ।
