ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨੇ ਗੁਰਦੁਆਰਾ ਕਰਤਾਰ ਸਾਹਿਬ ਵਿਚੋਂ ਤੁਰੰਤ ਪਾਣੀ ਕੱਢਣ ਦੇ ਆਦੇਸ਼ ਦਿਤੇ !


ਲਾਹੌਰ, 29 ਅਗਸਤ (ਨਿਊਜ਼ ਟਾਊਨ ਨੈਟਵਰਕ):
ਪਾਕਿਸਤਾਨ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ਨੇ ਗੁਰੂਦੁਆਰਾ ਸ੍ਰੀ ਕਰਤਾਰ ਸਾਹਿਬ ਨੂੰ ਸਾਫ਼ ਕਰਵਾਉਣ ਦੇ ਆਦੇਸ਼ ਦਿਤੇ ਹਨ। ਮੁੱਖ ਮੰਤਰੀ ਮਰੀਅਮ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚੋਂ ਪਾਣੀ ਬਾਹਰ ਕੱਢਿਆ ਜਾਵੇ ਤਾਕਿ ਸਿੱਖਾਂ ਨੂੰ ਆਸਾਨੀ ਹੋ ਸਕੇ, ਕਿਉਂਕਿ ਇਹ ਉਨ੍ਹਾਂ ਦਾ ਮਕੱਦਸ ਸਥਾਨ ਹੈ।’’ ਗੁਰਦੁਆਰਾ ਸਾਹਿਬ ਵਿਚ ਕਈ ਫੁੱਟ ਪਾਣੀ ਭਰ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਰਾਵੀ ਦਰਿਆ ਨਾਲ ਆਏ ਹੜ੍ਹ ਕਾਰਨ ਪਾਣੀ ਭਰ ਗਿਆ ਹੈ। ਹੜ੍ਹਾਂ ਤੋਂ ਬਾਅਦ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਸਰਕਾਰ ਵਲੋਂ ਵਿਸ਼ੇਸ਼ ਤੌਰ ’ਤੇ ਡਰੋਨ ਰਾਹੀਂ ਤਸਵੀਰਾਂ ਖਿਚਵਾ ਕੇ ਸੰਗਤਾਂ ਲਈ ਜਾਰੀ ਕੀਤੀਆਂ ਗਈਆਂ ਹਨ। ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀਆਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਚਾਰ ਦੀਵਾਰੀ ਤੋਂ ਇਲਾਵਾ ਭਾਰਤ ਤੋਂ ਪਾਕਿਸਤਾਨ ਆਉਣ ਜਾਣ ਵਾਲੇ ਸ਼ਰਧਾਲੂਆਂ ਦੇ ਮੁੱਖ ਮਾਰਗ ਜੋ ਕੋਰੀਡੋਰ ਡੇਰਾ ਬਾਬਾ ਨਾਨਕ ਰਾਹੀਂ ਹੈ, ਉਸ ਦੀਆਂ ਵੀ ਭਿਆਨਕ ਤਸਵੀਰਾਂ ਪਾਣੀ ਨਾਲ ਭਰੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ।