ਪੰਜਾਬ ਵਿਚ ਪਸ਼ੂ ਪਾਲਕਾਂ ਲਈ ਕੀਤੇ ਵਿਲੱਖਣ ਉਪਰਾਲਿਆਂ ਨੂੰ ਕੇਂਦਰ ਸਰਕਾਰ ਨੇ ਸਲਾਹਿਆ !

0
WhatsApp Image 2025-08-27 at 4.03.13 PM

ਚੰਡੀਗੜ੍ਹ, (ਦੁਰਗੇਸ਼ ਗਾਜਰੀ)  27 ਅਗਸਤ (ਨਿਊਜ਼ ਟਾਊਨ ਨੈੱਟਵਰਕ) :

ਪਸ਼ੂ ਪਾਲਣ ਵਿਚ ਪੰਜਾਬ ਦੇ ਮਿਸਾਲੀ ਕੰਮ ਨੂੰ ਮਾਨਤਾ ਦਿੰਦਿਆਂ ਕੇਂਦਰ ਸਰਕਾਰ ਨੇ ਪਸ਼ੂ ਪਾਲਕਾਂ ਨੂੰ ਅਹਿਮ ਜਾਣਕਾਰੀ ਦੇਣ ਅਤੇ ਵੱਖ-ਵੱਖ ਪਸਾਰ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਯੂਟਿਊਬ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸੁਚੱਜੀ ਵਰਤੋਂ ਲਈ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੀ ਸ਼ਲਾਘਾ ਕੀਤੀ ਹੈ। ਕੇਂਦਰ ਸਰਕਾਰ ਨੇ ਵਿਭਾਗ ਵਲੋਂ ਪਸ਼ੂ-ਪਾਲਕਾਂ ਨੂੰ ਡੋਰ ਸਟੈੱਪ ਉਤੇ  ਦਿਤੀ ਜਾ ਰਹੀ ਮਸਨੂਈ ਗਰਭਦਾਨ ਸੇਵਾ ਦੀ ਵੀ ਸ਼ਲਾਘਾ ਕੀਤੀ ਹੈ ਅਤੇ ਹੋਰ ਉਤਰੀ ਰਾਜਾਂ ਨੂੰ ਵੀ ਪੰਜਾਬ ਦੇ ਇਸ ਸਫ਼ਲ ਮਾਡਲ ਨੂੰ ਅਪਣਾਉਣ ਲਈ ਕਿਹਾ। ਭਾਰਤ ਸਰਕਾਰ ਦੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਵਧੀਕ ਸਕੱਤਰ ਵਰਸ਼ਾ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਉਤਰੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਖੇਤਰੀ ਸਮੀਖਿਆ ਮੀਟਿੰਗ (ਆਰ.ਆਰ.ਐਮ.), ਜਿਸ ਦੀ ਮੇਜਬਾਨੀ ਪੰਜਾਬ ਸਰਕਾਰ ਨੇ ਕੀਤੀ, ਦੌਰਾਨ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੂੰ ਇਹ ਪ੍ਰਸ਼ੰਸਾ ਹਾਸਲ ਹੋਈ। ਮੀਟਿੰਗ ਵਿਚ ਪਸ਼ੂਧਨ ਸਿਹਤ ਰੋਗ ਨਿਯੰਤਰਣ ਪ੍ਰੋਗਰਾਮ ਅਤੇ ਰਾਸ਼ਟਰੀ ਪਸ਼ੂਧਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।

ਇਸ ਮੀਟਿੰਗ ਵਿਚ ਅੱਠ ਉਤਰੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ,  ਜਿਨ੍ਹਾਂ ਵਿਚ ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਹਰਿਆਣਾ, ਲੱਦਾਖ, ਚੰਡੀਗੜ੍ਹ ਅਤੇ ਪੰਜਾਬ ਸ਼ਾਮਲ ਸਨ, ਦੇ ਅਧਿਕਾਰੀ ਇਕੱਤਰ ਹੋਏ। ਇਸ ਮੀਟਿੰਗ ਦੌਰਾਨ ਪ੍ਰਵਾਨਿਤ ਸਾਲਾਨਾ ਕਾਰਜ ਯੋਜਨਾਵਾਂ ਅਨੁਸਾਰ ਸਾਲ 2024-25 ਲਈ ਪਸ਼ੂਧਨ ਸਿਹਤ ਅਤੇ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਦੇ ਨਾਲ-ਨਾਲ ਸਾਲ 2025-26 ਲਈ ਯੋਜਨਾਵਾਂ ਤਿਆਰ ਕਰਨ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਵਿਭਾਗ ਦੀਆਂ ਮੁੱਖ ਪ੍ਰਾਪਤੀਆਂ ‘ਤੇ ਚਾਨਣਾ ਪਾਇਆ, ਜਿਸ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਤੇ ਨਸਲ ਸੁਧਾਰ ਲਈ ਕੱਟੀਆਂ/ਵੱਛੀਆਂ ਪੈਦਾ ਕਰਨ ਲਈ ਸੈਕਸ-ਸੌਰਟਿਡ ਸੀਮਨ ਦੀਆਂ 3.75 ਲੱਖ ਖੁਰਾਕਾਂ ਦੀ ਖਰੀਦ ਅਤੇ ਟੀਚਾਗਤ ਪਸ਼ੂ ਆਬਾਦੀ ਦੀ 100 ਫ਼ੀ ਸਦੀ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਐਫ਼.ਐਮ.ਡੀ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਮਿਸਾਲੀ ਕੰਮ ਕਰਦਿਆਂ ਵਿੱਤੀ ਸਾਲ 2024-25 ਵਿਚ 22.26 ਲੱਖ ਮਸਨੂਈ ਗਰਭਧਾਰਨ ਕੀਤੇ ਹਨ। ਇਸ ਤੋਂ ਇਲਾਵਾ 18.50 ਲੱਖ ਸੀਮਨ ਸਟਰਾਅਜ਼ (ਗਾਵਾਂ ਲਈ 6.47 ਲੱਖ ਅਤੇ ਮੱਝਾਂ ਲਈ 12.03 ਲੱਖ) ਦਾ ਉਤਪਾਦਨ ਵੀ ਕੀਤਾ ਹੈ।

ਸ੍ਰੀ ਰਾਹੁਲ ਭੰਡਾਰੀ ਨੇ ਸਾਲ 2024-25 ਅਤੇ ਸਾਲ 2025-26 ਲਈ ਭੌਤਿਕ ਅਤੇ ਵਿੱਤੀ ਪ੍ਰਗਤੀ ਰਿਪੋਰਟਾਂ ਵੀ ਪੇਸ਼ ਕੀਤੀਆਂ। ਕੇਂਦਰ ਦੀ ਟੀਮ, ਜਿਸ ਵਿਚ ਵਰਸ਼ਾ ਜੋਸ਼ੀ ਦੀ ਅਗਵਾਈ ਹੇਠ ਵਧੀਕ ਸਕੱਤਰ ਡੀ.ਏ.ਐਚ.ਡੀ (ਭਾਰਤ ਸਰਕਾਰ) ਰਾਮ ਸ਼ੰਕਰ ਸਿਨਹਾ, ਜੁਆਇੰਟ ਸਕੱਤਰ ਡੀ.ਏ.ਐਚ.ਡੀ (ਭਾਰਤ ਸਰਕਾਰ) ਡਾ. ਮੁਥੂਕੁਮਾਰਸਾਮੀ ਬੀ. ਅਤੇ ਸਲਾਹਕਾਰ (ਅੰਕੜਾ) ਡੀ.ਏ.ਐਚ.ਡੀ ਭਾਰਤ ਸਰਕਾਰ ਜਗਤ ਹਜ਼ਾਰਿਕਾ ਸ਼ਾਮਲ ਸਨ, ਨੇ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਵਾਨਿਤ ਯੋਜਨਾਵਾਂ ਲਈ ਹੋਰ ਫੰਡਿੰਗ ਦਾ ਭਰੋਸਾ ਵੀ ਦਿਤਾ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਪੰਜਾਬ ਬੋਵਾਈਨ ਬ੍ਰੀਡਿੰਗ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਵੀ ਸ਼ਲਾਘਾ ਕੀਤੀ, ਜੋ ਗਾਵਾਂ ਅਤੇ ਮੱਝਾਂ ਵਿਚ ਬ੍ਰੀਡਿੰਗ ਗਤੀਵਿਧੀਆਂ ਨੂੰ ਨਿਯੰਤ੍ਰਿਤ ਕਰਦਾ ਹੈ।

Leave a Reply

Your email address will not be published. Required fields are marked *