ਮਾਸੂਮ ਨਾਲ ਜਬਰ-ਜਨਾਹ ਮਗਰੋਂ ਹੱਤਿਆ ਦੀ ਬੇਰਹਿਮੀ ਨੇ ਪੂਰੀ ਮਨੁੱਖਤਾ ਨੂੰ ਹਿਲਾ ਦਿੱਤਾ : ਸੰਤ ਬਾਬਾ ਸਤਰੰਜਨ ਸਿੰਘ


ਹੁਸ਼ਿਆਰਪੁਰ, 1 ਦਸੰਬਰ (ਤਰਸੇਮ ਦੀਵਾਨਾ)
ਜਲੰਧਰ ਵਿਚ ਕੁਝ ਦਿਨ ਪਹਿਲਾਂ 13 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਕੀਤੀ ਗਈ ਬੇਰਹਿਮ ਹੱਤਿਆ ਨੇ ਪੂਰੀ ਮਨੁੱਖਤਾ ਨੂੰ ਹਿਲਾ ਦਿੱਤਾ ਹੈ । ਇਹ ਸਿਰਫ਼ ਇਕ ਅਪਰਾਧ ਨਹੀਂ, ਸਾਡੇ ਸਮਾਜ ‘ਤੇ ਲੱਗਾ ਇੱਕ ਕਾਲਾ ਦਾਗ ਹੈ। ਇੱਕ ਨਿਰਦੋਸ਼ ਬੱਚੀ ਜਿਸਦੇ ਸੁਪਨੇ ਹਾਲੇ ਸ਼ੁਰੂ ਹੀ ਹੋਏ ਸਨ ਉਹ ਬੇਰਹਿਮ ਕਠੋਰਤਾ ਦੀ ਭੇਟ ਚੜ੍ਹ ਗਈ। ਇਹ ਵਿਚਾਰ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਜੀ ਧੁੱਗਿਆਂ ਵਾਲਿਆਂ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕੀਤੇ ਉਹਨਾਂ ਕਿਹਾ ਕਿ ਇਹ ਘਟਨਾ ਸਾਨੂੰ ਇਹ ਸੋਚਣ ‘ਤੇ ਮਜਬੂਰ ਕਰਦੀ ਹੈ ਕਿ ਇਨਸਾਨ ਦੇ ਰੂਪ ਵਿੱਚ ਕੁਝ ਹੈਵਾਨ ਵੀ ਇਸ ਦੁਨੀਆ ਵਿੱਚ ਫਿਰਦੇ ਹਨ। ਅਜਿਹੇ ਲੋਕ ਬਿਨਾ ਕਿਸੇ ਡਰ ਦੇ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ। ਇਸ ਲਈ ਸਾਨੂੰ ਸਿਰਫ਼ ਰੋਸ ਪ੍ਰਗਟ ਕਰਨ ਨਾਲ ਨਹੀਂ, ਬਲਕਿ ਸਖ਼ਤ ਕਾਰਵਾਈ ਕਰਵਾਉਣ ਦੀ ਲੋੜ ਹੈ ! ਉਹਨਾ ਕਿਹਾ ਕਿ ਇਹੋ ਜਿਹੀ ਹਰਕਤ ਕਰਨ ਵਾਲਿਆਂ ਨੂੰ ਸਖ਼ਤ ਘੱਟ ਤੋਂ ਘੱਟ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾ ਕਿ ਇਹੋ ਜਿਹਾ ਅਪਰਾਧ ਕਰਨ ਵਾਲੇ ਅਪਰਾਧੀ ਲਈ ਇੱਕ ਵੱਡੀ ਚੇਤਾਵਨੀ ਬਣੇ ਅਤੇ ਭਵਿੱਖ ਵਿੱਚ ਕੋਈ ਵੀ ਇਹ ਜੁਰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। ਉਹਨਾਂ ਕਿਹਾ ਕਿ ਕੁਝ ਦਿਨ ਵਿਦਰੋਹ ਦਿਖਾ ਕੇ ਉਸ ਤੋਂ ਬਾਅਦ ਚੁੱਪਚਾਪ ਬੈਠਣ ਨਾਲ ਇਸ ਤਰ੍ਹਾਂ ਦੇ ਮਸਲੇ ਹੱਲ ਨਹੀਂ ਹੋਣੇ। ਉਹਨਾ ਕਿਹਾ ਕਿ ਸਮਾਜ ਤੇ ਕਾਨੂੰਨ ਨੂੰ ਜਾਗਣਾ ਪਵੇਗਾ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।
