TDI ਗਰੁਪ ਨੇ ਹੜ੍ਹ ਪੀੜਤਾਂ ਦੀ ਮਦਦ ਲਈ 51 ਲੱਖ ਰੁਪਏ CM ਰਾਹਤ ਫ਼ੰਡ ਵਿਚ ਦਿਤੇ


ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਸੌਂਪਿਆ ਚੈੱਕ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 23 ਸਤੰਬਰ : ਰੀਅਲ ਇਸਟੇਟ ਦੀ ਦੁਨੀਆਂ ਵਿਚ ਭਾਰਤ ਦੇ ਬਹੁਤ ਹੀ ਪ੍ਰਸਿੱਧ ਡਿਵੈਲਪਰਜ਼ ਟੀ.ਡੀ.ਆਈ. ਗਰੁਪ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫ਼ੰਡ ਵਿਚ 50 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਅਜਿਹਾ ਕਰਕੇ ਉਸ ਨੇ ਹਮੇਸ਼ਾ ਵਾਂਗ ਕੁਦਰਤੀ ਆਫ਼ਤਾਂ ਵਿਚ ਹੋਏ ਨੁਕਸਾਨ ਦੀ ਭਰਪਾਈ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਇਹ ਪੈਸਾ ਹਾਲ ਵਿਚ ਆਏ ਭਿਆਨਕ ਹੜ੍ਹਾਂ ਦੀ ਮਾਰ ਕਾਰਨ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਉਪਰ ਖ਼ਰਚ ਕੀਤਾ ਜਾਵੇਗਾ। ਇਸ ਰਾਸ਼ੀ ਨਾਲ ਹੜ੍ਹ ਪੀੜਤਾਂ ਦੇ ਮੁੜ-ਵਸੇਬੇ ਅਤੇ ਹੋਰ ਕਾਰਜਾਂ ਲਈ ਖ਼ਰਚੀ ਜਾਵੇਗੀ। ਟੀ.ਡੀ.ਆਈ. ਗਰੁਪ ਨੇ ਪੰਜਾਬ ਦੇ ਮੁੜ ਵਸੇਬਾ, ਕੁਦਰਤੀ ਆਫ਼ਤਾਂ, ਮਾਲ, ਜਲ ਸਪਲਾਈ ਅਤੇ ਹਾਊਸਿੰਗ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਕਰਕੇ 50 ਲੱਖ ਦੀ ਰਾਸ਼ੀ ਦਾ ਚੈੱਕ ਫ਼ੰਡ ਵਿਚ ਪਾਉਣ ਲਈ ਸੌਂਪਿਆ। ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2000 ਤੋਂ ਜ਼ਿਆਦਾ ਪਿੰਡ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਹਨ ਜਿਥੇ ਲੋਕ ਰਾਹਤ ਕੈਂਪਾਂ ਵਿਚ ਪਨਾਹ ਲਏ ਹੋਏ ਹਨ। ਅਨਾਜ ਅਤੇ ਪਸ਼ੂਆਂ ਲਈ ਹਰੇ-ਚਾਰੇ ਦਾ ਪ੍ਰਬੰਧ ਕੀਤਾ ਜਾਣਾ ਹੈ। ਬੇਘਰ ਹੋਏ ਲੋਕਾਂ ਨੂੰ ਘਰਾਂ ਦਾ ਪ੍ਰਬੰਧ ਕੀਤਾ ਜਾਣਾ ਹੈ। ਟੀ.ਡੀ.ਆਈ. ਗਰੁਪ ਨੇ ਸਮੇਂ ਸਿਰ ਮਦਦ ਕਰਕੇ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਟੀ.ਡੀ.ਆਈ. ਗਰੁਪ ਦੇ ਪ੍ਰਤੀਨਿਧ ਪ੍ਰਿੰਸ ਛਾਬੜਾ ਨੇ ਕਿਹਾ ਕਿ ਇਕ ਜ਼ਿੰਮੇਦਾਰ ਸੰਸਥਾ ਹੋਣ ਨਾਤੇ, ਅਸੀਂ ਸਮਝਦੇ ਹਾਂ ਕਿ ਇਸ ਚੁਣੌਤੀ ਭਰੇ ਸਮੇਂ ਦੌਰਾਨ ਮਦਦ ਲਈ ਅੱਗੇ ਆਉਣਾ ਸਾਡਾ ਫ਼ਰਜ਼ ਬਣਣਾ ਹੈ। ਅਸੀਂ ਹਮੇਸ਼ਾ ਸਮਾਜ ਅਤੇ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਹਾਂ। ਸਾਡੇ ਗਰੁਪ ਵਲੋਂ 51 ਲੱਖ ਦੀ ਰਾਸ਼ੀ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਦਿਤੇ ਜਾਣ ਨਾਲ ਜ਼ਰੂਰਤਮੰਦਾਂ ਦੀ ਤੁਰੰਤ ਮਦਦ ਹੋ ਸਕੇਗੀ ਅਤੇ ਪੈਸਾ ਸਹੀ ਥਾਂ ਉਤੇ ਖ਼ਰਚ ਹੋਵੇਗਾ। ਸਰਕਾਰ ਵਲੋਂ ਜਾਰੀ ਕੋਸ਼ਿਸ਼ਾਂ ਵਿਚ ਟੀ.ਡੀ.ਆਈ. ਗਰੁਪ ਦਾ ਵੀ ਹਿੱਸਾ ਪੈ ਜਾਵੇਗਾ।
ਜ਼ਿਕਰਯੋਗ ਹੈ ਕਿ ਟੀ.ਡੀ.ਆਈ. ਗਰੁਪ ਰੀਅਲ ਇਸਟੇਟ ਦੇ ਖੇਤਰ ਵਿਚ ਪਿਛਲੇ 30 ਸਾਲ ਤੋਂ ਕੰਮ ਕਰਦਾ ਆ ਰਿਹਾ ਹੈ। ਇਸ ਗਰੁਪ ਨੇ ਉੱਤਰੀ ਭਾਰਤ ਵਿਚ ਵੱਡੇ ਪੈਮਾਨੇ ਉਤੇ ਕੰਮ ਕੀਤਾ ਹੈ। ਇਸ ਗਰੁਪ ਦੇ ਮੋਢੀ ਸ੍ਰੀ ਡੀ.ਐਨ. ਤਨੇਜਾ ਦੀ ਮਿਹਨਤ ਅਤੇ ਲਗਨ ਸਦਕਾ ਇਹ ਗਰੁਪ ਸਥਾਪਤ ਹੋਇਆ ਅਤੇ ਅੱਗੇ ਵਧਿਆ ਫੁੱਲਿਆ। ਟੀ.ਡੀ.ਆਈ. ਗਰੁਪ ਦਾ ਮੁੱਖ ਦਫ਼ਤਰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਹੈ। ਇਹ ਗਰੁਪ 6 ਰਾਜਾਂ ਦੇ 10 ਸ਼ਹਿਰਾਂ ਵਿਚ ਪ੍ਰਾਜੈਕਟ ਸਥਾਪਤ ਕਰ ਚੁੱਕਾ ਹੈ। 2500 ਏਕੜ ਜ਼ਮੀਨ ਵਿਚ ਰਿਹਾਇਸ਼ੀ ਕਾਲੋਨੀਆਂ ਬਣਾ ਚੁੱਕਾ ਹੈ ਜਦਕਿ 100 ਤੋਂ ਜ਼ਿਆਦਾ ਰਿਹਾਇਸ਼ੀ, ਵਪਾਰਕ ਅਤੇ ਹੋਰ ਪ੍ਰਾਜੈਕਟ ਲਿਆ ਚੁੱਕਾ ਹੈ। ਟੀ.ਡੀ.ਆਈ. ਸਮਾਰਟ ਸਿਟੀ ਮੋਹਾਲੀ, ਟੀ.ਡੀ.ਆਈ. ਸਿਟੀ ਕੁੰਡਲੀ ਵਰਗੇ ਨਾਮੀ ਪ੍ਰਾਜੈਕਟਾਂ ਸਮੇਤ ਦਿੱਲੀ-ਐਨ.ਸੀ.ਆਰ., ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਮਹੱਤਵਪੂਰਨ ਪ੍ਰਾਜੈਕਟ ਮੁਕੰਮਲ ਕਰ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਪਾਨੀਪੱਤ, ਰਾਜਪੁਰਾ, ਫ਼ਰੀਦਾਬਾਦ, ਆਗਰਾ ਅਤੇ ਮੁਰਾਦਾਬਾਦ ਵਰਗੇ ਸ਼ਹਿਰਾਂ ਵਿਚ ਵੀ ਕੰਮ ਕੀਤਾ ਹੈ। ਇਸ ਗਰੁਪ ਦੀ ਖ਼ਾਸੀਅਤ ਰਹੀ ਹੈ ਕਿ ਇਹ ਕੁਦਰਤੀ ਆਫ਼ਤਾਂ ਅਤੇ ਹੋਰ ਮੁਸੀਬਤਾਂ ਸਮੇਂ ਸਮਾਜ ਦੀ ਮਦਦ ਲਈ ਹਮੇਸ਼ਾ ਅੱਗੇ ਆਇਆ ਹੈ।