ਦਾਗ਼ੀ ਅਕਾਲੀ ਲੀਡਰਸ਼ਿਪ ਨਵੀਂ ਲੀਡਰਸ਼ਿਪ ਨੂੰ ਮੌਕਾ ਦੇਵੇ : ਪੀਰਮੁਹੰਮਦ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 25 ਜੂਨ : ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹੋਈ ਸ਼ਰਮਨਾਕ ਹਾਰ ਤੇ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਬੁਲਾਰੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਬੇਹੱਦ ਅਫ਼ਸੋਸ ਪ੍ਰਗਟਾਇਆ ਹੈ। ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਹਲਕੇ ਵਿਚ ਸਿੱਖ ਵੋਟਰਾਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਪੰਥ ਦੀ ਨੁਮਾਇੰਦਾ ਜਮਾਤ ਦੇ ਉਮਦੀਵਾਰ ਦੀ ਸ਼ਰਮਨਾਕ ਹਾਰ ਅਤੇ ਜ਼ਮਾਨਤ ਤਕ ਜ਼ਬਤ ਹੋਣਾ ਸਪੱਸ਼ਟ ਕਰਦਾ ਹੈ ਕਿ ਸਿੱਖ ਵੋਟਰ ਅਤੇ ਆਮ ਲੋਕ ਬਹੁਤ ਜ਼ਿਆਦਾ ਨਰਾਜ਼ ਹੈ। ਜੋ ਵੋਟ ਪਈ ਉਸ ਵੋਟ ਵਿਚ ਵੀ ਉਮੀਦਵਾਰ ਦੇ ਕਿਰਦਾਰ ਤੇ ਕੰਮਾਂ ਦੀ ਵੀ ਵੱਡੇ ਹਿੱਸੇ ਦੀ ਵੋਟ ਸ਼ਾਮਲ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੋਵੇ, ਇਹ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੈ। ਪੀਰਮੁਹੰਮਦ ਨੇ ਕਿਹਾ ਕਿ ਇਕਬਾਲ ਸਿੰਘ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਨੂੰ ਸਰਗਰਮ ਸਿਆਸਤ ਤੋਂ ਪਾਸੇ ਹਟ ਜਾਣਾ ਚਾਹੀਦਾ ਸੀ, ਹੁਣ ਵੀ ਜਨਤਾ ਦੇ ਫ਼ਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੀਰਮੁਹੰਮਦ ਨੇ ਇਕ ਵਾਰ ਫਿਰ ਸੁਖਬੀਰ ਨੂੰ ਸਲਾਹ ਦਿਤੀ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸਫ਼ਾਂ ਵਿਚ ਆਪਣੇ ਆਪ ਨੂੰ ਬਣਾਏ ਰੱਖਣਾ ਚਾਹੁੰਦੇ ਹਨ ਤਾਂ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਕੀਤੀ ਅਵੱਗਿਆ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮੁੜ ਆਪਣੀ ਭੁੱਲ ਜ਼ਰੂਰ ਬਖ਼ਸ਼ਵਾਉਣ।