ਮੁਅੱਤਲ ਡੀਆਈਜੀ ਤੇ ਕ੍ਰਿਸ਼ਨੂੰ ਦੇ ਜ਼ਬਤ ਕੀਤੇ ਮੋਬਾਇਲ ਫ਼ੋਨਾਂ ਨੇ ਖੋਲ੍ਹੇ ਕਈ ਭੇਤ

ਭੁੱਲਰ ਤੇ ਕ੍ਰਿਸ਼ਨੂੰ ਦੀਆਂ ਹੋਰ ਵਧ ਸਕਦੀਆਂ ਹਨ ਮੁਸ਼ਕਿਲਾਂ

ਚੰਡੀਗੜ੍ਹ, 23 ਫਰਵਰੀ (ਦੁਰਗੇਸ਼ ਗਾਜਰੀ) : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਘਿਰੇ ਮੁਅੱਤਲ ਪੰਜਾਬ ਪੁਲਿਸ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਉਹਨਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ । ਸੀ.ਬੀ.ਆਈ. ਨੇ ਚੰਡੀਗੜ੍ਹ ਅਦਾਲਤ ਨੂੰ ਦੱਸਿਆ ਹੈ ਕਿ ਉਹ ਉਹਨਾਂ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਸੁਤੰਤਰ ਤੌਰ ‘ਤੇ ਜਾਂਚ ਕਰ ਰਹੀ ਹੈ ਜਿਨ੍ਹਾਂ ਦੇ ਨਾਮ, ਚੈਟ ਅਤੇ ਸ਼ੱਕੀ ਲੈਣ-ਦੇਣ ਦੇ ਰਿਕਾਰਡ ਮੁਲਜ਼ਮਾਂ ਦੇ ਜ਼ਬਤ ਕੀਤੇ ਮੋਬਾਈਲ ਫੋਨਾਂ ਵਿੱਚੋਂ ਮਿਲੇ ਹਨ। ਸੀ.ਬੀ.ਆਈ. ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਸਪਲੀਮੈਂਟਰੀ ਚਾਰਜਸ਼ੀਟ ਅਨੁਸਾਰ ਜਾਂਚ ਦੌਰਾਨ ਭੁੱਲਰ ਦੇ ਦੋ ਅਤੇ ਸ਼ਾਰਦਾ ਦਾ ਇੱਕ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਸੀ। ਇਹਨਾਂ ਫੋਨਾਂ ਦੇ ਵਿਸ਼ਲੇਸ਼ਣ ਤੋਂ ਕਈ ਅਜਿਹੀਆਂ ਚੈਟਾਂ ਸਾਹਮਣੇ ਆਈਆਂ ਹਨ ਜੋ ਹੋਰ ਸਰਕਾਰੀ ਮੁਲਾਜ਼ਮਾਂ ਅਤੇ ਨਿੱਜੀ ਵਿਅਕਤੀਆਂ ਨਾਲ ਜੁੜੇ ਰਿਸ਼ਵਤਖੋਰੀ ਦੇ ਸ਼ੱਕੀ ਮਾਮਲਿਆਂ ਵੱਲ ਇਸ਼ਾਰਾ ਕਰਦੀਆਂ ਹਨ। ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਦੀ ਰਿਹਾਇਸ਼ ਤੋਂ ਮਿਲੀ ਇੱਕ ਡਾਇਰੀ ਅਤੇ ਹੋਰ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਉਹ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਤੋਂ ਰਿਸ਼ਵਤ ਦੇ ਬਦਲੇ ਨਾਜਾਇਜ਼ ਫਾਇਦੇ ਦਿਵਾਉਣ ਦਾ ਕੰਮ ਕਰਦਾ ਸੀ। ਡੀ.ਆਈ.ਜੀ. ਭੁੱਲਰ ਦੇ ਵਟਸਐਪ ਚੈਟ ਤੋਂ ਖੁਲਾਸਾ ਹੋਇਆ ਹੈ ਕਿ ਉਹ ਨਿੱਜੀ ਵਿਅਕਤੀਆਂ ਨਾਲ ਸਬੰਧ ਕੇਸਾਂ ਦੀ ਗੁਪਤ ਜਾਣਕਾਰੀ ਸਾਂਝੀ ਕਰ ਰਿਹਾ ਸੀ । ਇਸ ਤੋਂ ਇਲਾਵਾ ਉਹ ਅਦਾਲਤੀ ਕਾਰਵਾਈਆਂ ‘ਤੇ ਨਜ਼ਰ ਰੱਖਣ ਅਤੇ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਵੀ ਸ਼ਾਮਲ ਸੀ। ਹਾਲਾਂਕਿ ਮੌਜੂਦਾ ਮਾਮਲੇ ਨਾਲ ਸਿੱਧਾ ਜੁੜਿਆ ਕੋਈ ਨਵਾਂ ਦੋਸ਼ੀ ਸਬੂਤ ਸਾਹਮਣੇ ਨਹੀਂ ਆਇਆ, ਪਰ ਫੋਨਾਂ ਤੋਂ ਮਿਲੇ ਡਾਟਾ ਦੇ ਅਧਾਰ ‘ਤੇ ਹੋਰਨਾਂ ਅਧਿਕਾਰੀਆਂ ਵਿਰੁੱਧ ਜਾਂਚ ਜਾਰੀ ਰੱਖੀ ਜਾ ਰਹੀ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਲਈ ਤੈਅ ਕੀਤੀ ਹੈ।
