ਸੁਨੀਲ ਜਾਖੜ ਨੇ ਖੁੱਦ ਧਰਨੇ ‘ਚ ਸ਼ਾਮਲ ਹੋ ਕੇ ਮਾਨ ਸਰਕਾਰ ‘ਤੇ ਬੋਲਿਆ ਤਿੱਖਾ ਹਮਲਾ


ਕਿਹਾ, ਲੁਧਿਆਣਾ ਦੇ ਕੌਂਸਲਰ ਲੋਕਾਂ ਲਈ ਲੜ ਰਹੇ, ਹੰਕਾਰ ਨਾਲ ਭਰੀ ਹੋਈ ਹੈ ਪੰਜਾਬ ਸਰਕਾਰ
ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਦਾ ਆਡਿਟ ਕਰਵਾਉਣ ਲਈ ਕੇਂਦਰ ਨੂੰ ਲਿਖਾਂਗੇ ਪੱਤਰ : ਜਾਖੜ

ਲੁਧਿਆਣਾ, 4 ਅਗੱਸਤ (ਕਮਲ ਕਪੂਰ) : ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲੁਧਿਆਣਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਬੋਲਿਆ। ਸੁਨੀਲ ਜਾਖੜ ਨੇ ‘ਆਪ’ ਸਰਕਾਰ ਦੇ ਰਵੱਈਏ ਨੂੰ ਹੰਕਾਰੀ ਕਰਾਰ ਦਿੰਦਿਆਂ ਕਿਹਾ ਕਿ ਹੁਣ ਕੇਂਦਰ ਸਰਕਾਰ ਇਸ ਵਿਰੁਧ ਢੁਕਵੀਂ ਕਾਰਵਾਈ ਕਰੇਗੀ। ਜਾਖੜ ਤਿੰਨ ਭਾਜਪਾ ਕੌਂਸਲਰਾਂ ਦੇ ਸਮਰਥਨ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਲੁਧਿਆਣਾ ਆਏ ਸਨ। ਬੀਤੇ ਦਿਨੀਂ ਨਗਰ ਨਿਗਮ ਦੇ ਮੇਅਰ ਵਲੋਂ ਇਨ੍ਹਾਂ ਕੌਂਸਲਰਾਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਇਸ ‘ਤੇ ਜਾਖੜ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇਸ ਲਈ ਦਰਜ ਕੀਤਾ ਗਿਆ ਹੈ ਕਿਉਂਕਿ ਕੌਂਸਲਰ ਵਿਕਾਸ ਕਾਰਜਾਂ ਬਾਰੇ ਚਰਚਾ ਕਰਨ ਲਈ ਮੇਅਰ ਨੂੰ ਮਿਲਣ ਗਏ ਸਨ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਕੌਂਸਲਰਾਂ ਨਾਲ ਬੇਇਨਸਾਫ਼ੀ ਹੈ, ਸਗੋਂ ਇਹ ਸਰਕਾਰ ਦੇ ਹੰਕਾਰ ਅਤੇ ਭ੍ਰਿਸ਼ਟਾਚਾਰ ਨੂੰ ਵੀ ਦਰਸਾਉਂਦਾ ਹੈ। ਜਾਖੜ ਨੇ ਕਿਹਾ ਕਿ ਭਾਜਪਾ ਆਪਣੀ ਸਵੈ-ਮਾਣ ਦੀ ਲੜਾਈ ਪੂਰੀ ਤਾਕਤ ਨਾਲ ਲੜੇਗੀ ਅਤੇ ਇਹ ਮਾਮਲਾ ਹੁਣ ਪੂਰੇ ਪੰਜਾਬ ਵਿਚ ਗੂੰਜੇਗਾ। ਨਗਰ ਨਿਗਮ ਦੇ ਮੇਅਰ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਉਹ ਵਿਕਾਸ ਕਾਰਜਾਂ ਨੂੰ ਭੁੱਲ ਰਹੇ ਹਨ ਅਤੇ ਸਿਰਫ਼ ਸਿਆਸੀ ਪੱਖਪਾਤ ਦਿਖਾ ਰਹੇ ਹਨ। ਸੁਨੀਲ ਜਾਖੜ ਨੇ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਲਈ ਕੇਂਦਰ ਵਲੋਂ ਦਿਤੇ ਗਏ 1800 ਕਰੋੜ ਰੁਪਏ ਦੀ ਵਰਤੋਂ ‘ਤੇ ਵੀ ਸਵਾਲ ਉਠਾਇਆ। ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਰਕਮ ਦੇ ਆਡਿਟ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਪੈਸਾ ਕਿੱਥੇ ਅਤੇ ਕਿਵੇਂ ਖਰਚਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਜਾਖੜ ਨੇ ਕਿਹਾ ਕਿ ਮਾਨ ਸਿਰਫ਼ ਮਜ਼ਾਕ ਉਡਾਉਣ ਵਿਚ ਰੁੱਝੇ ਹੋਏ ਹਨ, ਜਦੋਂ ਕਿ ਪੰਜਾਬ ਦੇ ਲੋਕ ਅਸਲ ਵਿਚ ਨਸ਼ੇ ਅਤੇ ਭ੍ਰਿਸ਼ਟਾਚਾਰ ਤੋਂ ਪੀੜਤ ਹਨ। ਉਨ੍ਹਾਂ ਹਾਲ ਹੀ ਵਿਚ ਮੰਤਰੀ ਬਣੇ ਸੰਜੀਵ ਅਰੋੜਾ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੰਪਨੀਆਂ ਤੋਂ ਅਸਤੀਫ਼ਾ ਦੇਣ ਨਾਲ ਕੰਮ ਨਹੀਂ ਚੱਲਦਾ, ਚਿੱਟੇ ਕੱਪੜੇ ਪਾਉਣ ਨਾਲ ਕੋਈ ਨੇਤਾ ਨਹੀਂ ਬਣਦਾ। ਜਨਤਾ ਦੀ ਆਵਾਜ਼ ਬਣੋ, ਨਹੀਂ ਤਾਂ ਲੋਕ ਤੁਹਾਨੂੰ ਘਰ ਵਾਪਸ ਭੇਜਣ ਲਈ ਤਿਆਰ ਹਨ। ਜਾਖੜ ਨੇ ਲੈਂਡ ਪੂਲਿੰਗ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਇਹ ਫੈਸਲਾ ਅੰਤ ਵਿਚ ਲੋਕਾਂ ਨੂੰ ਪੰਜਾਬ ਸਰਕਾਰ ਵਿਰੁਧ ਵੀ ਖੜ੍ਹਾ ਕਰੇਗਾ। ਇਸ ਮੌਕੇ ਭਾਜਪਾ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਮੀਤ ਪ੍ਰਧਾਨ ਜਤਿੰਦਰ ਮਿੱਤਲ, ਸਕੱਤਰ ਰੇਣੂ ਥਾਪਰ, ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ, ਸੂਬਾ ਕਾਰਜਕਾਰਨੀ ਮੈਂਬਰ ਬਿਕਰਮ ਸਿੱਧੂ, ਵਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ, ਭਾਜਪਾ ਦੇ ਸੂਬਾਈ ਬੁਲਾਰੇ ਡਾ: ਕਮਲਜੀਤ ਸੋਈ, ਪ੍ਰਿਤਪਾਲ ਸਿੰਘ ਬਲੀਵਾਲ, ਪਰਮਿੰਦਰ ਮਹਿਤਾ, ਜ਼ਿਲ੍ਹਾ ਉਪ ਪ੍ਰਧਾਨ, ਮਨੀਸ਼ ਚੋਪੜਾ, ਹਰਸ਼ ਸ਼ਰਮਾ, ਅਸ਼ਵਨੀ ਟੰਡਨ, ਨਵਲ ਜੈਨ, ਕੌਂਸਲਰ ਪਾਰਟੀ ਆਗੂ ਪੂਨਮ ਰਤਡਾ, ਉਪ ਆਗੂ ਰੋਹਿਤ ਸਿੱਕਾ, ਕੌਂਸਲਰ ਸੁਨੀਲ ਮੋਦਗਿਲ, ਸੁਮਨ ਵਰਮਾ, ਅਨਿਲ ਭਾਰਦਵਾਜ, ਰਾਜੇਸ਼ ਮਿਸ਼ਰਾ, ਮੁਕੇਸ਼ ਖੱਤਰੀ, ਪੱਲਵੀ ਵਿਨਾਇਕ, ਹੈਪੀ ਸ਼ੇਰਪੁਰੀਆ, ਗੌਰਵ ਜੀਤ ਸਿੰਘ ਗੋਰਾ, ਜਤਿੰਦਰ ਗੋਰਿਆਣ, ਪਿੰਕੂ ਸ਼ਰਮਾ, ਯੁਵਾ ਮੋਰਚਾ ਪ੍ਰਧਾਨ ਰਵੀ ਬਤਰਾ, ਐਸ.ਸੀ.ਮੋਰਚਾ ਪ੍ਰਧਾਨ ਅਜੈ ਪਾਲ ਦਿਸਾਵਰ, ਸਾਬਕਾ ਕੌਂਸਲਰ ਯਸ਼ਪਾਲ ਚੌਧਰੀ, ਉਮਦੱਤ ਸ਼ਰਮਾ, ਰਮੇਸ਼ ਸ਼ਰਮਾ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਸੌਰਭ ਕਪੂਰ, ਵਿਪਨ ਵਿਨਾਇਕ, ਵਿਸ਼ਾਲ ਗੁਲਾਟੀ, ਅਮਨ ਕੁਮਰਾ, ਅਰੁਣ ਕੁਮਰਾ, ਸਰਦਾਰ ਗੁਰਦੀਪ ਸਿੰਘ ਨੀਟੂ, ਕਸ਼ਿਸ਼ ਰਤੜਾ, ਵਿੱਕੀ ਸਹੋਤਾ, ਵਰਿੰਦਰ ਸਹਿਗਲ, ਵਿਨੀਤ ਪਾਲ ਸਿੰਘ ਮੋਂਗਾ, ਮੋਹਿਤ ਸਿੱਕਾ, ਹਿਮਾਂਸ਼ੂ ਕਾਲੜਾ, ਦੀਪਕ ਜੌਹਰ, ਅਸ਼ੋਕ ਰਾਣਾ, ਅਮਿਤ ਮਿੱਤਲ, ਯੋਗੇਸ਼ ਸ਼ਰਮਾ, ਅਮਿਤ ਸ਼ਰਮਾ, ਅਮਰੀਕ ਸਿੰਘ ਭੋਲਾ, ਸਰਦਾਰ ਇਕਬਾਲ ਸਿੰਘ, ਸੰਤੋਸ਼ ਵਿੱਜ, ਸੀਮਾ ਵਰਮਾ ਆਦਿ ਹਾਜ਼ਰ ਸਨ।
