ਸੁਖਬੀਰ ਬਾਦਲ ਨੇ EC ਨੂੰ ਲਿਖੀ ਚਿੱਠੀ, ਆਮ ਆਦਮੀ ਪਾਰਟੀ ਦੀ ਮਾਨਤਾ ਕੀਤੀ ਜਾਵੇ ਰੱਦ


(ਦੁਰਗੇਸ਼ ਗਾਜਰੀ)
ਚੰਡੀਗੜ੍ਹ, 18 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਭ੍ਰਿਸ਼ਟ, ਗ਼ੈਰ-ਸੰਵਿਧਾਨਿਕ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਦੀ ਖੁਲ੍ਹੇਆਮ ਬਿਆਨਬਾਜ਼ੀ ਕਰ ਰਹੀ ਹੈ, ਜਿਸ ਦਾ ਉਦੇਸ਼ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਏ ਇਕ ਸਮਾਗਮ ਦੌਰਾਨ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਪੰਜਾਬ ਦਾ ਪ੍ਰਧਾਨ ਅਮਨ ਅਰੋੜਾ ਵੀ ਸ਼ਾਮਲ ਸੀ, ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਹਿਲਾ ਵਿੰਗ ਨੂੰ ਸ਼ਰੇਆਮ ਭੜਕਾ ਕੇ ਸਾਮ, ਦਾਮ, ਦੰਡ, ਭੇਦ ਅਪਣਾਉਣ ਲਈ ਉਕਸਾਇਆ ਸੀ। ਸੁਖਬੀਰ ਨੇ ਕਿਹਾ ਕਿ ਅਜਿਹੇ ਭੜਕਾਊ ਬਿਆਨਾਂ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਪਹਿਲਾਂ ਹੀ ਦਹਾਕਿਆਂ ਬੱਧੀ ਕਾਲਾ ਦੌਰ ਹੰਢਾ ਚੁੱਕਿਆ ਹੈ, ਜਿਸ ਤੋਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਨਿਜਾਤ ਪਾਈ ਗਈ ਸੀ। ਸੰਤ ਹਰਚੰਦ ਸਿੰਘ ਲੋਂਗੋਵਾਲ ਅਤੇ ਸ. ਪਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਕੌਮੀ ਏਕਤਾ ਅਤੇ ਭਾਈਚਾਰਕ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਸ. ਬਾਦਲ ਨੇ ਕਿਹਾ ਕਿ ਇਹ ਸਿਸੋਦੀਆ ਜੋ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਕੇਸ ਵਿਚ ਦੋਸ਼ੀ ਹੋਣ ਕਰਕੇ ਜ਼ਮਾਨਤ ‘ਤੇ ਬਾਹਰ ਹੈ, ਇਸ ਦੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਮੁੱਖ ਚੋਣ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਆਮ ਆਦਮੀ ਪਾਰਟੀ ਮਾਨਤਾ ਰੱਦ ਕਰ ਦੇਣ। ਸ. ਬਾਦਲ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਅਦਾਲਤ ਨੂੰ ਇਸ ਦੀ ਜ਼ਮਾਨਤ ਰੱਦ ਕਰਨ ਦੀ ਸਿਫ਼ਾਰਸ਼ ਕਰਨ ਤਾਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ।