ਸੁਖਬੀਰ ਬਾਦਲ ਨੇ ਕਿਹਾ- ਧਾਰਮਿਕ ਸਥਾਨਾਂ ‘ਤੇ ਭਾਜਪਾ ਕਰ ਰਹੀ ਹੈ ਕਬਜ਼ਾ !


ਤਰਨਤਾਰਨ , 27 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ‘ਤੇ ਧਾਰਮਿਕ ਮਾਮਲਿਆਂ ‘ਚ ਦਖਲ ਦੇਣ ਅਤੇ ਸਿੱਖਾਂ ਦੇ ਗੁਰਦੁਆਰਿਆਂ ‘ਤੇ ਜਬਰਨ ਕਬਜ਼ਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਿੱਖੀ ਦੇ ਭੇਸ ‘ਚ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਕੇਂਦਰੀ ਏਜੰਸੀਆਂ ਦੇ ਏਜੰਟ ਹਨ, ਜੋ ਭਾਜਪਾ ਦੇ ਇਸ਼ਾਰੇ ‘ਤੇ ਚਲਦੇ ਹੋਏ ਸਿੱਖ ਕੌਮ ਨੂੰ ਵੰਡਣ ਦਾ ਯਤਨ ਕਰਦੇ ਰਹਿੰਦੇ ਹਨ।
ਪੰਜਾਬੀਆਂ ਨੂੰ ਭਵਿੱਖ ਵਿਚ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ‘ਤੇ ਕਬਜ਼ਾ ਕਰਨ ਦੇ ਨਾਲ-ਨਾਲ ਦਿੱਲੀ ਤੇ ਹਰਿਆਣਾ ‘ਚ ਵੱਖ-ਵੱਖ ਕਮੇਟੀਆਂ ਬਣਾ ਕੇ ਸਿੱਖ ਕੌਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਕਮਜ਼ੋਰ ਕਰਨ ਟਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿੰਨਾ ਖ਼ਤਰਾ ਕੇਂਦਰ ਦੀ ਭਾਜਪਾ ਸਰਕਾਰ ਤੋਂ ਹੈ, ਓਨਾ ਹੀ ਖ਼ਤਰਾ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਵੀ ਹੈ। ਇਨ੍ਹਾਂ ਦੋਹਾਂ ਪਾਰਟੀਆਂ ਨੇ 2017 ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਜਦਕਿ ਸੱਚਾਈ ਇਹ ਹੈ ਕਿ ਪੰਜਾਬੀਆਂ ਦੀ ਅਸਲੀ ਫੌਜ ਸ਼੍ਰੋਮਣੀ ਅਕਾਲੀ ਦਲ ਦੀ ਹੈ, ਜੋ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਰਹਿੰਦੀ ਹੈ ਤੇ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਦੀ ਰੱਖਿਆ ਕਰਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੜ੍ਹ ਦੌਰਾਨ ਪੂਰਾ ਪੰਜਾਬ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ। ਹੜ੍ਹ ਪੀੜਤਾਂ ਦੀ ਮਦਦ ਕਰਨ ਤੋਂ ਦੂਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਤੋਂ ਬਾਹਰ ਡੇਰਾ ਲਗਾਈ ਬੈਠੇ ਹਨ। ਹੜ੍ਹ ਨਾਲ ਹੋ ਰਹੇ ਨੁਕਸਾਨ ਦੀ ਉਨ੍ਹਾਂ ਨੂੰ ਕੋਈ ਫਿਕਰ ਨਹੀਂ। ਆਉਣ ਵਾਲੇ ਦਿਨਾਂ ‘ਚ ਅਕਾਲੀ ਦਲ ਹੋਰ ਚੜ੍ਹਦੀਕਲਾ ‘ਚ ਹੋਵੇਗਾ। 2027 ‘ਚ ਯਕੀਨੀ ਤੌਰ ‘ਤੇ ਅਕਾਲੀ ਦਲ ਦੀ ਸਰਕਾਰ ਬਣੇਗੀ। ਸਰਕਾਰ ਬਣਦੇ ਹੀ ਪ੍ਰਦੇਸ਼ ਨਾਲ ਸੰਬੰਧਿਤ ਦਰਿਆਵਾਂ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਸੱਤ ਹਜ਼ਾਰ ਕਰੋੜ ਖਰਚੇ ਜਾਣਗੇ। ਦੁੱਖ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਨੀਤੀ ਤੇ ਨੀਅਤ ‘ਚ ਇੰਨੀ ਖੋਟ ਹੈ ਕਿ ਉਹ ਪੰਜਾਬ ਨੂੰ ਬਰਬਾਦ ਹੁੰਦੇ ਦੇਖਣਾ ਚਾਹੁੰਦੀ ਹੈ। ਦਿੱਲੀ ਨਾਲ ਸੰਬੰਧਤ ਆਮ ਆਦਮੀ ਪਾਰਟੀ ਪੰਜਾਬ ਨੂੰ ਪੰਜ ਸਾਲਾਂ ਲਈ ਲੂਟਣ ਆਈ ਹੈ। ਇਸ ਪਾਰਟੀ ਤੋਂ ਚੌਕਸ ਰਹਿਣਾ ਸਾਡਾ ਫਰਜ਼ ਹੈ।
