ਸੀਰੀਆ ਦੇ ਚਰਚ ‘ਚ ਆਤਮਘਾਤੀ ਹਮਲਾ, 25 ਮੌਤਾਂ-63 ਜ਼ਖਮੀ

ਆਈਐਸਆਈਐਸ ਅੱਤਵਾਦੀ ਨੇ ਗੋਲੀਬਾਰੀ ਕਰਕੇ ਖੁੱਦ ਨੂੰ ਬੰਬ ਨਾਲ ਉਡਾਇਆ

(ਨਿਊਜ਼ ਟਾਊਨ ਨੈਟਵਰਕ)
ਦਮਿਸ਼ਕ, 23 ਜੂਨ : ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਚ ਐਤਵਾਰ ਰਾਤ ਨੂੰ ਹੋਏ ਇਕ ਭਿਆਨਕ ਆਤਮਘਾਤੀ ਹਮਲੇ ‘ਚ ਘੱਟੋ-ਘੱਟ 25 ਲੋਕ ਮਾਰੇ ਗਏ ਜਦਕਿ 63 ਲੋਕ ਜ਼ਖਮੀ ਹੋ ਗਏ। ਇਹ ਹਮਲਾ ਸਥਾਨਕ ਗ੍ਰੀਕ ਆਰਥੋਡਾਕਸ ਸੇਂਟ ਇਲਿਆਸ ਚਰਚ ‘ਚ ਉਸ ਸਮੇਂ ਹੋਇਆ ਜਦੋਂ ਦਰਜਨਾਂ ਲੋਕ ਵੱਡੇ ਇਕੱਠ ਦੌਰਾਨ ਪ੍ਰਾਰਥਨਾ ਕਰ ਰਹੇ ਸਨ। ਸੀਰੀਆਈ ਸਰਕਾਰ ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਗੀਰ ਪੇਡਰਸਨ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਤੇ ਜਾਂਚ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਇਹ ਅੱਤਵਾਦੀ ਹਮਲਾ ਭਾਰਤੀ ਸਮੇਂ ਅਨੁਸਾਰ ਐਤਵਾਰ ਰਾਤ ਨੂੰ ਹੋਇਆ। ਹਮਲਾਵਰ ਪਹਿਲਾਂ ਚਰਚ ‘ਚ ਦਾਖਲ ਹੋਇਆ, ਫਿਰ ਇਸ ਨੇ ਚਰਚ ਦੀ ਭੀੜ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਫਿਰ ਇਕ ਵਿਸਫੋਟਕ ਜੈਕੇਟ ਨਾਲ ਜ਼ੋਰਦਾਰ ਧਮਾਕਾ ਕਰਕੇ ਆਪਣੇ ਆਪ ਨੂੰ ਉਡਾ ਲਿਆ। ਲੋਕਾਂ ਮੁਤਾਬਕ ਹਮਲਾਵਰ ਦੇ ਨਾਲ ਇਕ ਹੋਰ ਬੰਦੂਕਧਾਰੀ ਵੀ ਸੀ, ਉਸਨੇ ਵੀ ਭੀੜ ‘ਤੇ ਗੋਲੀਬਾਰੀ ਕੀਤੀ ਪਰ ਉਸਨੇ ਧਮਾਕਾ ਨਹੀਂ ਕੀਤਾ। ਉਸ ਸਮੇਂ ਚਰਚ ‘ਚ ਲਗਭਗ 150 ਤੋਂ 350 ਲੋਕ ਮੌਜੂਦ ਸਨ। ਧਮਾਕੇ ਨਾਲ ਚਰਚ ‘ਚ ਪਏ ਬੈਂਚ ਤੇ ਹੋਰ ਸਾਮਾਨ ਚਕਨਾਚੂਰ ਹੋ ਗਿਆ।

ਸੀਰੀਆ ਦੇ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸੇਂਟ ਇਲਿਆਸ ਚਰਚ ‘ਚ ਹੋਏ ਇਸ ਭਿਆਨਕ ਆਤਮਘਾਤੀ ਹਮਲੇ ਨੂੰ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਜੁੜੇ ਇਕ ਆਤਮਘਾਤੀ ਹਮਲਾਵਰ ਨੇ ਅੰਜਾਮ ਦਿਤਾ ਹੈ। ਹਮਲੇ ਮਗਰੋਂ ਸੀਰੀਆਈ ਸੁਰੱਖਿਆ ਬਲ ਇਸ ਹਮਲੇ ਦੀ ਜਾਂਚ ਕਰ ਰਹੇ ਹਨ।

ਸੀਰੀਆ ਦੇ ਸੂਚਨਾ ਮੰਤਰੀ ਡਾ. ਹਮਜ਼ਾ ਅਲ-ਮੁਸਤਫਾ ਨੇ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਅਸੀਂ ਚਰਚ ‘ਤੇ ਹੋਏ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਹ ਕਾਇਰਤਾਪੂਰਨ ਕਾਰਵਾਈ ਨਾਗਰਿਕਾਂ ਦੀ ਏਕਤਾ ਅਤੇ ਭਾਈਚਾਰੇ ਦੀਆਂ ਸਾਡੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸੀਰੀਆਈ ਸਮਾਜ ਰਾਸ਼ਟਰੀ ਏਕਤਾ ਅਤੇ ਨਾਗਰਿਕ ਸ਼ਾਂਤੀ ‘ਚ ਵਿਸ਼ਵਾਸ ਰੱਖਦਾ ਹੈ ਅਤੇ ਸਾਰੇ ਭਾਈਚਾਰਿਆਂ ‘ਚ ਭਾਈਚਾਰਾ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਦੁਹਰਾਇਆ ਕਿ ਸਰਕਾਰ ਦੇਸ਼ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਤਵਾਦੀ ਸੰਗਠਨਾਂ ਵਿਰੁੱਧ ਸਖ਼ਤ ਕਾਰਵਾਈ ਕਰਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਇਕ ਇਸਲਾਮੀ ਅਗਵਾਈ ਵਾਲੀ ਸਰਕਾਰ ਸੱਤਾ ‘ਚ ਆਈ ਹੈ। ਨਵੀਂ ਸਰਕਾਰ ਦੀਆਂ ਨੀਤੀਆਂ ਕਾਰਨ ਆਈਐਸ ਦੁਬਾਰਾ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਵੀਂ ਸਰਕਾਰ (ਹਯਾਤ ਤਹਿਰੀਰ ਅਲ-ਸ਼ਾਮ) ਦੇ ਸਾਬਕਾ ਇਸਲਾਮੀ ਬਾਗੀ ਨੇਤਾਵਾਂ ਦੁਆਰਾ ਚਲਾਈ ਜਾ ਰਹੀ ਹੈ ਜੋ ਕਿ ਪਹਿਲਾਂ ਵੀ ਆਈਐਸ ਦੇ ਅੱਤਵਾਦੀਆਂ ਵਿਰੁੱਧ ਲੜ ਚੁੱਕੇ ਹਨ। ਰਿਪੋਰਟਾਂ ਅਨੁਸਾਰ ਆਈਐਸ ਨੇ ਅਸਦ ਪੱਖੀ ਸੈਨਿਕਾਂ ਦੁਆਰਾ ਛੱਡੇ ਗਏ ਹਥਿਆਰਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਪੁਨਰਗਠਿਤ ਕੀਤਾ ਹੈ।