“ਸੁੱਚਾ ਸਿੰਘ ਲੰਗਾਹ ਨੂੰ ਜੇਲ੍ਹ ‘ਚ ਮਜੀਠੀਆ ਨਾਲ ਮੁਲਾਕਾਤ ਤੋਂ ਰੋਕਿਆ” ਜਾਣੋ ਕਿਉਂ ?


ਨਾਭਾ, 19 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਨਵੀਂ ਜ਼ਿਲ੍ਹਾ ਜੇਲ੍ਹ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨਾਲ ਮੁਲਾਕਾਤ ਲਈ ਮੰਗਲਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ ਪਹੁੰਚੇ। ਉਨ੍ਹਾਂ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਹੋਰ ਅਕਾਲੀ ਨੇਤਾ ਵੀ ਮੌਜੂਦ ਸਨ। ਜੇਲ੍ਹ ਦੇ ਬਾਹਰਲੇ ਗੇਟ ‘ਤੇ ਤਾਇਨਾਤ ਪੁਲਿਸ ਫੋਰਸ ਨੇ ਅਕਾਲੀ ਲੀਡਰਸ਼ਿਪ ਨੂੰ ਗੇਟ ਦੇ ਬਾਹਰ ਹੀ ਰੋਕ ਦਿੱਤਾ। ਕੁਝ ਸਮੇਂ ਬਾਅਦ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਬਾਹਰ ਆਏ ਤੇ ਉਨ੍ਹਾਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੇਲ੍ਹ ਦੇ ਗੇਟ ‘ਤੇ ਹੀ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ ਅਤੇ ਜੇਲ੍ਹ ਸੁਪਰਡੈਂਟ ਵਿਚਕਾਰ ਕਾਫੀ ਲੰਬੀ ਬਹਿਸ ਹੋਈ। ਜੇਲ੍ਹ ਅਧਿਕਾਰੀਆਂ ਨੇ ਜਦੋਂ ਪਰਿਵਾਰ ਅਤੇ ਸਿਰਫ ਵਕੀਲਾਂ ਨਾਲ ਮੁਲਾਕਾਤ ਦਾ ਹਵਾਲਾ ਦਿੱਤਾ ਤਾਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਜੇਲ੍ਹ ‘ਚ ਮੁਲਾਕਾਤ ਲਈ ਨਿਯਮਾਂ ਨੂੰ ਬਦਲਿਆ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਹੁਣ ਧੱਕੇਸ਼ਾਹੀ ‘ਤੇ ਉਤਰ ਆਈ ਹੈ। ਇਸ ਤਰ੍ਹਾਂ ਜੇਲ੍ਹ ‘ਚ ਬੰਦ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਨੂੰ ਬੰਦ ਕਰਨਾ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਜੇਲ੍ਹ ‘ਚ ਬੰਦ ਹਰ ਵਿਅਕਤੀ ਲਈ ਲੋਕਤੰਤਰੀ ਦੇਸ਼ ‘ਚ ਮੁਲਾਕਾਤ ਲਈ ਨਿਯਮਾਂ ਨੂੰ ਬਦਲਿਆ ਜਾਵੇਗਾ।
ਇਸ ਮੌਕੇ ਜੇਲ੍ਹ ਦੇ ਬਾਹਰ ਪਹੁੰਚੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਲ੍ਹ ਦੇ ਨਿਯਮਾਂ ਅਨੁਸਾਰ ਕਿਸੇ ਕੈਦੀ ਜਾਂ ਹਵਾਲਾਤੀ ਦੀ ਮੁਲਾਕਾਤ ਸਿਰਫ ਪਰਿਵਾਰਕ ਮੈਂਬਰ ਤੇ ਵਕੀਲ ਹੀ ਕਰ ਸਕਦੇ ਹਨ ਜਿਸ ਕਰਕੇ ਅੱਜ ਸੁੱਚਾ ਸਿੰਘ ਲੰਗਾਹ ਨੂੰ ਮੁਲਾਕਾਤ ਲਈ ਰੋਕਿਆ ਗਿਆ ਹੈ।