ਪੁਲਾੜ ਤੋਂ ਧਰਤੀ ‘ਤੇ ਵਾਪਸ ਪਰਤੇ ਸ਼ੁਭਾਂਸ਼ੂ ਸ਼ੁਕਲਾ, ਪੀਐਮ ਮੋਦੀ ਨੇ ਦਿਤੀਆਂ ਮੁਬਾਰਕਾਂ


ਕੈਲੀਫੋਰਨੀਆ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਭਾਰਤ ਨੇ ਚਾਰ ਦਹਾਕਿਆਂ ਬਾਅਦ ਮਨੁੱਖੀ ਪੁਲਾੜ ਉਡਾਣ ਦੇ ਖੇਤਰ ਵਿਚ ਵਾਪਸੀ ਕੀਤੀ ਹੈ। ਭਾਰਤੀ ਪੁਲਾੜ ਯਾਤਰੀ ਅਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਐਕਸੀਓਮ-4 ਮਿਸ਼ਨ ਵਿਚ ਸ਼ਾਮਲ 3 ਹੋਰ ਵਿਦੇਸ਼ੀ ਵਿਗਿਆਨੀ ਮੰਗਲਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ‘ਤੇ 18 ਦਿਨ ਰੁਕਣ ਅਤੇ 22.5 ਘੰਟੇ ਦੀ ਯਾਤਰਾ ਤੋਂ ਬਾਅਦ ਧਰਤੀ ‘ਤੇ ਸੁਰੱਖਿਅਤ ਵਾਪਸ ਆ ਗਏ। ਉਨ੍ਹਾਂ ਦੀ ਵਾਪਸੀ ਕਾਰਨ ਦੇਸ਼ ਵਿਚ ਖੁਸ਼ੀ ਦਾ ਮਾਹੌਲ ਹੈ। ਸਾਰੇ ਪੁਲਾੜ ਯਾਤਰੀਆਂ ਨੂੰ ਲੈ ਕੇ ਜਾਣ ਵਾਲਾ ਡ੍ਰੈਗਨ ਪੁਲਾੜ ਯਾਨ ਕੈਲੀਫੋਰਨੀਆ ਦੇ ਸੈਨ ਡਿਏਗੋ ਵਿਚ ਸੁਰੱਖਿਅਤ ਉਤਰਿਆ। ਪੁਲਾੜ ਤੋਂ ਵਾਪਸ ਆਏ ਸ਼ੁਭਾਂਸ਼ੂ ਸ਼ੁਕਲਾ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।
ਮਿਸ਼ਨ ਪਾਇਲਟ ਸ਼ੁਭਾਂਸ਼ੂ ਸ਼ੁਕਲਾ, ਮੁਸਕਰਾਉਂਦੇ ਹੋਏ, ਡਰੈਗਨ ਪੁਲਾੜ ਯਾਨ ਤੋਂ ਬਾਹਰ ਆਏ ਅਤੇ 18 ਦਿਨਾਂ ਵਿਚ ਪਹਿਲੀ ਵਾਰ ਗੁਰੂਤਵਾਕਰਸ਼ਣ ਮਹਿਸੂਸ ਕੀਤਾ। ਚਾਰੇ ਪੁਲਾੜ ਯਾਤਰੀ ਡਰੈਗਨ ਪੁਲਾੜ ਯਾਨ ਤੋਂ ਬਾਹਰ ਆਏ ਹਨ। ਪਹਿਲਾਂ ਕਮਾਂਡਰ ਪੈਗੀ ਵਿਟਸਨ ਗਨ ਪੁਲਾੜ ਯਾਨ ਤੋਂ ਬਾਹਰ ਆਈ ਅਤੇ ਫਿਰ ਮਿਸ਼ਨ ਪਾਇਲਟ ਸ਼ੁਭਾਂਸ਼ੂ ਸ਼ੁਕਲਾ ਬਾਹਰ ਆਏ।
ਜ਼ਿਕਰਯੋਗ ਹੈ ਕਿ ਧਰਤੀ ‘ਤੇ ਵਾਪਸ ਆਉਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ਐਕਸ-4 ਟੀਮ ਨੂੰ ਹੁਣ 10 ਦਿਨਾਂ ਲਈ ਆਈਸੋਲੇਸ਼ਨ ਵਿਚ ਰਹਿਣਾ ਪਵੇਗਾ। ਉਸ ਤੋਂ ਬਾਅਦ ਹੀ ਉਨ੍ਹਾਂ ਦਾ ਆਮ ਜੀਵਨ ਸ਼ੁਰੂ ਹੋਵੇਗਾ। ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਵਿਦਾਇਗੀ ਸਮਾਰੋਹ ਵਿਚ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਜਲਦੀ ਹੀ ਧਰਤੀ ‘ਤੇ ਮਿਲਦੇ ਹਾਂ।
ਰਾਕੇਸ਼ ਸ਼ਰਮਾ ਦੇ 1984 ਵਿਚ ਪੁਲਾੜ ਦੀ ਯਾਤਰਾ ਕਰਨ ਤੋਂ ਬਾਅਦ ਸ਼ੁਕਲਾ ਦੂਜੇ ਭਾਰਤੀ ਪੁਲਾੜ ਯਾਤਰੀ ਹਨ। ਐਕਸੀਓਮ-4 ਮਿਸ਼ਨ ਨਾਲ, ਭਾਰਤ, ਪੋਲੈਂਡ ਅਤੇ ਹੰਗਰੀ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਪੁਲਾੜ ਵਿਚ ਵਾਪਸ ਆਏ ਹਨ। ਇਸ ਦੇ ਨਾਲ ਹੀ ਗਰੁੱਪ ਕੈਪਟਨ ਸ਼ੁਕਲਾ ਅਤੇ ਉਨ੍ਹਾਂ ਦੀ ਟੀਮ ਨੂੰ ਦੇਸ਼ ਭਰ ਤੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।
ਇਸ ਮਿਸ਼ਨ ਦੀ ਸਫਲਤਾ ‘ਤੇ ਦੇਸ਼ ਦੇ ਸਿਆਸਤਦਾਨਾਂ ਵਲੋਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਲਿਖਿਆ, ‘ਪੂਰੇ ਦੇਸ਼ ਵਲੋਂ ਮੈਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸਵਾਗਤ ਕਰਦਾ ਹਾਂ, ਜੋ ਆਪਣੇ ਇਤਿਹਾਸਕ ਪੁਲਾੜ ਮਿਸ਼ਨ ਤੋਂ ਧਰਤੀ ‘ਤੇ ਵਾਪਸ ਆਏ ਹਨ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਜਾਣ ਵਾਲੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਆਪਣੀ ਮਿਹਨਤ, ਹਿੰਮਤ ਅਤੇ ਨਵੇਂ ਰਸਤੇ ਖੋਲ੍ਹਣ ਦੀ ਭਾਵਨਾ ਨਾਲ ਇਕ ਅਰਬ ਲੋਕਾਂ ਦੇ ਸੁਪਨਿਆਂ ਨੂੰ ਪ੍ਰੇਰਿਤ ਕੀਤਾ ਹੈ। ਇਹ ਸਾਡੀ ਆਪਣੀ ਮਨੁੱਖੀ ਪੁਲਾੜ ਉਡਾਣ ਯੋਜਨਾ ‘ਗਗਨਯਾਨ’ ਵੱਲ ਇਕ ਹੋਰ ਵੱਡਾ ਕਦਮ ਹੈ।