SSP ਰੂਪਨਗਰ ਨੇ ਇੰਸਪੈਕਟਰ ਕੈਲਾਸ਼ ਬਹਾਦਰ ਨੂੰ ‘DGP ਡਿਸਕ’ ਨਾਲ ਕੀਤਾ ਸਨਮਾਨਿਤ


ਮੋਰਿੰਡਾ, 1 ਦਸੰਬਰ (ਸੁਖਵਿੰਦਰ ਸਿੰਘ ਹੈਪੀ)
ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਦਾ ਮਾਣ ਵਧਾਉਂਦੇ ਹੋਏ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰੂਪਨਗਰ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਥਾਣਾ ਸਦਰ ਮੋਰਿੰਡਾ ਦੇ ਐਸ ਐਚ ਓ, ਇੰਸਪੈਕਟਰ ਕੈਲਾਸ਼ ਬਹਾਦਰ ਨੂੰ ਵਿਸ਼ੇਸ਼ ਤੌਰ ‘ਤੇ ‘ਡੀ ਜੀ ਪੀ ਡਿਸਕ’ ਨਾਲ ਸਨਮਾਨਿਤ ਕੀਤਾ ਗਿਆ। ਇੰਸਪੈਕਟਰ ਕੈਲਾਸ਼ ਬਹਾਦਰ ਨੂੰ ਇਹ ਸਨਮਾਨ ਉਨ੍ਹਾਂ ਦੀ ਡਿਊਟੀ ਪ੍ਰਤੀ ਪੂਰੀ ਲਗਨ, ਇਮਾਨਦਾਰੀ ਅਤੇ ਬੇਮਿਸਾਲ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ। ਪੁਲਿਸ ਵਿਭਾਗ ਵਿੱਚ ਉੱਚ ਪੱਧਰੀ ਸੇਵਾ ਨਿਭਾਉਣ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਮੁੱਖ ਰੱਖਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੱਲੋਂ ਉਨ੍ਹਾਂ ਨੂੰ ਇਸ ਵੱਕਾਰੀ ਡਿਸਕ ਲਈ ਚੁਣਿਆ ਗਿਆ ਸੀ। ਐਸ ਐਸ ਪੀ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਮੌਕੇ ਇੰਸਪੈਕਟਰ ਕੈਲਾਸ਼ ਬਹਾਦਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਕਾਰਜਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਮਿਹਨਤੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਨਮਾਨਿਤ ਕਰਨਾ ਨਾ ਸਿਰਫ਼ ਉਨ੍ਹਾਂ ਦਾ ਮਾਣ ਵਧਾਉਂਦਾ ਹੈ, ਬਲਕਿ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਡਿਊਟੀ ਹੋਰ ਜ਼ਿਆਦਾ ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ। ਇਹ ਸਨਮਾਨ ਰੂਪਨਗਰ ਪੁਲਿਸ ਲਈ ਵੀ ਮਾਣ ਵਾਲੀ ਗੱਲ ਹੈ, ਜੋ ਇਹ ਦਰਸਾਉਂਦਾ ਹੈ ਕਿ ਜ਼ਿਲ੍ਹੇ ਦੀ ਪੁਲਿਸ ਅਪਰਾਧ ਨੂੰ ਨੱਥ ਪਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਿੰਨੀ ਵਚਨਬੱਧ ਹੈ।
