35 ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੂੰ ਸਪੀਕਰ ਨੇ ਰਾਜਨੀਤੀ ਲਈ ਪ੍ਰੇਰਿਆ

0
Pic (5)

ਵਿਦਿਆਰਥੀ ਆਪਣੀ ਮਾਂ ਬੋਲੀ ਨੂੰ ਅਪਣਾਉਣ ਤੇ ਨਾਲ ਹੀ ਬਾਕੀ ਭਾਸ਼ਾਵਾਂ ਵੀ ਸਿੱਖਣ :ਸੰਧਵਾਂ

ਚੰਡੀਗੜ੍ਹ, 25 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਹਾ ਕਿ ਰਾਜਨੀਤੀ ਇਕ ਸੇਵਾ ਹੈ ਸਾਨੂੰ ਆਪਣੀ ਕੌਮ ਦੀ ਸੇਵਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨੀ ਚਾਹੀਦੀ ਹੈ।  ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਦੇ 35 ਕਾਲਜਾਂ ਤੋਂ ਆਏ100 ਤੋਂ ਵੱਧ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।

ਵਿਦਿਆਰਥੀਆਂ ਨੇ ਸਪੀਕਰ ਦੀਆਂ ਡਿਊਟੀਆਂ ਅਤੇ ਸਦਨ ਦੀ ਕਾਰਵਾਈ ਬਾਰੇ ਉਨ੍ਹਾਂ ਕੋਲੋਂ ਸਵਾਲ ਪੁੱਛੇ। ਜਿਸ ਦੇ ਜਵਾਬ ਵਿਚ ਸਪੀਕਰ ਸਾਹਿਬ ਨੇ ਦੱਸਿਆ ਕਿ ਉਹ ਵਿਰੋਧੀ ਧਿਰ ਨੂੰ ਬੋਲਣ ਲਈ ਬਰਾਬਰ ਦਾ ਮੌਕਾ ਪ੍ਰਦਾਨ ਕਰਦੇ ਹਨ। ਵਿਦਿਆਰਥੀਆਂ ਨੇ ਉਹਨਾਂ ਨੂੰ ਪੁੱਛਿਆ ਕਿ ਸਦਨ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਪਾਰਦਰਸ਼ੀ ਰੱਖਿਆ ਜਾਵੇ ਇਸ ਬਾਰੇ ਉਹ ਹੋਰ ਕੀ ਕਦਮ ਚੁੱਕ ਸਕਦੇ ਹਨ। ਇਸ ਦਾ ਉੱਤਰ ਦਿੰਦਿਆਂ ਸਪੀਕਰ ਨੇ ਕਿਹਾ ਕਿ ਜੁਡੀਸ਼ਰੀ, ਐਗਜੀਕਿਊਟਿਵ ਅਤੇ ਲੈਜੀਸਲੇਚਰ ਇਹ ਤਿੰਨ ਵਿੰਗ ਜੇਕਰ ਆਪਣਾ ਆਪਣਾ ਕੰਮ ਸਹੀ ਢੰਗ ਨਾਲ ਕਰਨ ਤਾਂ ਸਦਨ ਦੀ ਕਾਰਵਾਈ ਵਿਚ ਹੋਰ ਪਾਰਦਰਸ਼ਤਾ ਲਿਆਈ ਜਾ ਸਕਦੀ ਹੈ ਅਤੇ ਸਦਨ ਦੀ ਕਾਰਵਾਈ ਨੂੰ ਪਾਰਦਰਸ਼ੀ ਕਰਨ ਵਾਸਤੇ ਉਹਨਾਂ ਨੇ 2022 ਤੋਂ ਹੀ ਸਦਨ ਵਿਚ ਲਾਈਵ ਟੈਲੀਕਾਸਟ ਲਾਗੂ ਕਰ ਦਿਤੀ ਹੈ ਤਾਂ ਜੋ ਹਰ ਵਿਅਕਤੀ ਇਸ ਕਾਰਵਾਈ ਨੂੰ ਸੁਣ ਸਕੇ ਅਤੇ ਸਦਨ ਦੀ ਕਾਰਵਾਈ ਬਾਰੇ ਜਾਣੂ ਹੋ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਕਾਰਵਾਈ ਨੂੰ ਵੇਖਿਆ ਕਰਨ ਅਤੇ ਆਪਣੇ ਹਲਕੇ ਦੇ ਐਮ.ਐਲ.ਏ ਨੂੰ ਇਹ ਜਰੂਰ ਪੁੱਛਣ ਕਿ ਉਹਨਾਂ ਨੂੰ ਅਸੀਂ ਵੋਟ ਦਿਤੀ ਹੈ ਤੇ ਉਹਨਾਂ ਨੇ ਸਾਡੀ  ਭਲਾਈ ਲਈ ਕਿਹੜੇ ਕਾਨੂੰਨ ਬਣਾਏ ਹਨ।

ਵਿਦਿਆਰਥੀਆਂ ਵਲੋਂ ਜਦੋਂ ਇਹ ਪੁੱਛਿਆ ਗਿਆ ਕਿ ਉਚੇਰੀ ਸਿੱਖਿਆ ਬਹੁਤ ਹੀ ਮਹਿੰਗੀ ਹੋ ਗਈ ਹੈ ਤੇ ਇਸ ਬਾਰੇ ਸਰਕਾਰ ਕੀ ਕਦਮ ਚੁੱਕ ਰਹੀ ਹੈ। ਇਸ ਦਾ ਉੱਤਰ ਦਿੰਦਿਆਂ ਸਪੀਕਰ  ਨੇ ਕਿਹਾ ਕਿ ਸਿੱਖਿਆ ਤਾਂ ਮੁਫਤ ਵਿਚ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਉੱਪਰ ਉਹ  ਮਾਨਯੋਗ ਮੁੱਖ ਮੰਤਰੀ ਜੀ ਨੂੰ ਪੱਤਰ ਲਿਖਣਗੇ ਕਿ ਉਚੇਰੀ ਸਿੱਖਿਆ ਨੂੰ ਮੁਫਤ ਵਿਚ ਦੇਣ ਲਈ ਕਦਮ ਚੁੱਕੇ ਜਾਣ। ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਮਾਂ ਬੋਲੀ ਨੂੰ ਅਪਣਾਉਣ ਅਤੇ ਇਸ ਦੇ ਨਾਲ ਨਾਲ ਬਾਕੀ ਭਾਸ਼ਾਵਾਂ ਵੀ ਸਿੱਖਣ।

ਉਹਨਾਂ ਅੱਗੇ ਕਿਹਾ ਕਿ ਸਦਨ ਦੀ ਕਾਰਵਾਈ ਵਿਚ ਉਹ ਹਰ ਇਕ ਚੁਣੇ ਹੋਏ ਨੁਮਾਇੰਦੇ ਨੂੰ ਬਰਾਬਰ ਦਾ ਮੌਕਾ ਦਿੰਦੇ ਹਨ ਤਾਂ ਜੋ ਸਦਨ ਦੀ ਕਾਰਵਾਈ ਵਿਚ ਹਰ ਇਕ ਮੈਂਬਰ ਆਪਣੀ ਗੱਲ ਰੱਖ ਸਕੇ। ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਟਿਕਟ ਲੈਣ ਵਾਸਤੇ ਤਾਂ ਲੱਖਾਂ ਰੁਪਏ ਦੇਣੇ ਪੈਂਦੇ ਹਨ ਤਾਂ ਹੀ ਵੱਡੀਆਂ ਵੱਡੀਆਂ ਪਾਰਟੀਆਂ ਵੱਲੋਂ ਟਿਕਟ ਦਿਤੀ ਜਾਂਦੀ ਹੈ। ਇਸ ਦਾ ਉੱਤਰ ਦਿੰਦਿਆਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਪਿੰਡ ਦਾ ਸਰਪੰਚ ਸੀ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਿਨਾਂ ਕੋਈ ਪੈਸੇ ਲਏ ਟਿਕਟ ਦਿਤੀ।  ਉਹਨਾਂ ਕਿਹਾ ਕਿ ਜੇਕਰ ਤੁਹਾਡੀ ਪਹੁੰਚ ਆਮ ਲੋਕਾਂ ਤੱਕ ਹੈ ਤਾਂ ਪਾਰਟੀ ਆ ਕੇ ਤੁਹਾਨੂੰ ਖੁਦ ਟਿਕਟ ਦੇਵੇਗੀ।
ਉਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਨੀਤੀ ਤਾਂ ਲੋਕ ਸੇਵਾ ਹੈ ਤੇ ਸਾਨੂੰ ਲੋਕਾਂ ਨਾਲ ਜੁੜਨਾ ਚਾਹੀਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਮੁੱਦਿਆਂ  ਤੋਂ  ਅਸੀਂ ਜਾਣੂ ਹੋ ਸਕੀਏ ਤੇ ਉਹਨਾਂ ਦਾ ਹੱਲ ਕਰ ਸਕੀਏ।

ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗੁਰਬਾਣੀ ਦਾ ਇਕ ਸ਼ਬਦ ਰੋਜ਼ ਪੜਿਆ ਕਰਨ। ਉਹਨਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਨੂੰ ਹੋਰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਹੈ ਤੇ ਇੰਡਸਟਰੀ ਨੂੰ ਪੰਜਾਬ ਵਿਚ ਹੋਰ ਅੱਗੇ ਵਧਾਉਣਾ ਪਵੇਗਾ। ਉਹਨਾਂ ਕਿਹਾ ਕਿ ਖੇਤੀਬਾੜੀ ਨੂੰ ਐਗਰੀ ਬਿਜਨਸ ਬਣਾਉਣ ਦੀ ਲੋੜ ਹੈ ਕਉਂਕਿ ਪੰਜਾਬ ਇਕ ਉਪਜਾਊ ਧਰਤੀ ਹੈ। ਇਹੋ ਜਿਹੀ ਧਰਤੀ ਦਾ ਮਿਲਣਾ ਬਹੁਤ ਮੁਸ਼ਕਿਲ ਹੈ।

 ਉਹਨਾਂ ਅੱਗੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਉੱਚੇ ਸੁਪਨੇ ਰੱਖਣ ਅਤੇ ਉੱਚੇ ਸੁਪਨੇ ਰੱਖਣ ਵਾਲੇ ਲੋਕਾਂ ਦੇ ਹੀ ਸੁਪਨੇ ਸਾਕਾਰ ਹੁੰਦੇ ਹਨ ਅਤੇ ਜੀਵਨ ਵਿਚ ਤਨਾਵ ਨਾ ਲੈਣ ਅਤੇ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸਦਨ ਵਿਚ ਲਿਜਾ ਕੇ ਸਦਨ ਦੇ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨਾਲ ਡਿਬੇਟ ਵੀ ਕੀਤੀ ਤਾਂ ਜੋ ਵਿਦਿਆਰਥੀਆਂ ਦੀ ਰੁਚੀ ਰਾਜਨੀਤੀ ਵਿਚ ਹੋਰ ਵੱਧ ਸਕੇ। ਵਿਦਿਆਰਥੀਆਂ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਦੌਰਾਨ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਗਈ ਜਿਸ ਵਿਚ ਵਨ ਨੇਸ਼ਨ ਵਨ ਇਲੈਕਸ਼ਨ ਵੀ ਸ਼ਾਮਿਲ ਸੀ ।

ਇਸ ਮੌਕੇ ਤੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਵਲੋਂ ਸਪੀਕਰ ਨੂੰ ਇਕ ਸ਼ਾਲ, ਇਕ ਹੈਰੀਟੇਜ ਹੱਥ ਵਾਲਾ ਪੰਖਾ ਅਤੇ ਸੀਨਰੀ ਭੇਂਟ ਕੀਤੀ।

ਇਸ ਮੌਕੇ ਤੇ ਡਾ. ਇੰਦਰਬੀਰ ਸਿੰਘ ਨਿਜਰ ਐਮ.ਐਲ.ਏ, ਜੀਵਨ ਜੋਤ ਕੌਰ ਐਮ.ਐਲ.ਏ, ਫੌਜਾ ਸਿੰਘ ਸਰਾਰੀ ਐਮ.ਐਲ.ਏ, ਵਿਜੇ ਸਿੰਗਲਾ ਐਮ.ਐਲ.ਏ, ਮਨਵਿੰਦਰ ਸਿੰਘ ਗਿਆਸਪੁਰਾ ਐਮ.ਐਲ.ਏ, ਗੁਰਦਿਤ ਸਿੰਘ ਸ਼ੇਖੋਂ ਐਮ.ਐਲ.ਏ ਵੀ ਸ਼ਾਮਿਲ ਹੋਏ। ਇਸ ਮੌਕੇ ਤੇ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੂਥ ਵੈਲਫੇਅਰ ਡਾ. ਸੁਖਜਿੰਦਰ ਰਿਸ਼ੀ, ਡਾ. ਤੇਜਿੰਦਰ ਗਿੱਲ ਅਸਿਸਟੈਂਟ ਡਾਇਰੈਕਟਰ ਯੂਥ ਵੈਲਫੇਅਰ, ਪ੍ਰੋਫੈਸਰ ਜਗਵਿੰਦਰ ਕੌਰ, ਪ੍ਰੋਫੈਸਰ ਭੁਪਿੰਦਰ ਕੌਰ ਪ੍ਰੋਫੈਸਰ ਪੂਨਮ ਦਿਵੇਦੀ, ਪ੍ਰੋਫੈਸਰ ਸਰਬਜੀਤ ਕੌਰ, ਪ੍ਰੋਫੈਸਰ ਹੀਨਾ,  ਇਕਬਾਲ ਪ੍ਰੀਤ ਸਿੰਘ, ਅਮਿਤ ਸ਼ਰਮਾ, ਅਜੀਤ ਕੁਮਾਰ ਵੀ ਸ਼ਾਮਿਲ ਹੋਏ।

Leave a Reply

Your email address will not be published. Required fields are marked *