ਧਰਮ ਕਮਾਉਣ ਲਈ ਸਮਾਜ ਸੇਵਾ ਅਤਿ ਜ਼ਰੂਰੀ : ਸਰਪੰਚ ਕੰਸਾਲਾ


350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਮਾਜਰੀ, 25 ਨਵੰਬਰ (ਰਾਜਾ ਸਿੰਘ ਭੰਗੂ )
ਕੋਈ ਵੀ ਧਰਮ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਸਰਬੱਤ ਦੇ ਭਲੇ ਤੇ ਆਧਾਰ ਤੇ ਟਿਕਿਆ ਹੁੰਦਾ ਹੈ। ਇਸੇ ਲਈ ਧਾਰਮਿਕ ਜਗਤ ਵਿੱਚ ਅਧਿਆਤਮਿਕਤਾ ਦੇ ਨਾਲ-ਨਾਲ ਸਮਾਜ ਸੇਵੀ ਕਾਰਜ ਵੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਇਹ ਵਿਚਾਰ ਸਰਪੰਚ ਮਨਦੀਪ ਸਿੰਘ ਕੰਸਾਲਾ ਉੱਘੇ ਸਮਾਜ ਸੇਵੀ ਨੇ ਅੱਜ ਇਥੋਂ ਨੇੜਲੇ ਪਿੰਡ ਕੰਸਾਲਾ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਏ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਿੱਖ ਧਰਮ ਹਮੇਸ਼ਾ ਹੀ ਦੂਸਰੇ ਧਰਮ ਅਤੇ ਆਮ ਲੋਕਾਂ ਦੀ ਰੱਖਿਆ ਲਈ ਅੱਗੇ ਆਉਂਦਾ ਰਿਹਾ ਹੈ। ਉਹਨਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਨਕਸ਼ੇ ਕਦਮਾਂ ਤੇ ਚੱਲਦਿਆਂ ਹੀ ਆਮ ਲੋਕਾਂ ਦੀ ਭਲਾਈ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਖੂਨਦਾਨ ਕੈਂਪ ਦਾ ਉਪਰਾਲਾ ਕੀਤਾ ਹੈ। ਜਿਸ ਦੌਰਾਨ 71 ਵਿਅਕਤੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਪੀਜੀਆਈ ਚੰਡੀਗੜ੍ਹ ਦੇ ਬਲੱਡ ਬੈਂਕ ਦੇ ਮੁੱਖ ਡਾ. ਸੰਗੀਤਾ ਦੀ ਟੀਮ ਵੱਲੋਂ ਇਸ ਮੌਕੇ ਖੂਨਦਾਨੀਆਂ ਵੱਲੋਂ ਦਿੱਤਾ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਮਨਦੀਪ ਸਿੰਘ ਬੂਥਗੜ੍ਹ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਮਨਜੋਧ ਸਿੰਘ ਪੱਡਾ ਸੀਨੀਅਰ ਯੂਥ ਆਗੂ ਅਤੇ ਹੋਰਨਾਂ ਸਮਾਜ ਸੇਵੀਆਂ ਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਰਮਨਦੀਪ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਸਪਿੰਦਰ ਸਿੰਘ, ਨਰਿੰਦਰ ਸਿੰਘ ਸਮੇਤ ਹੋਰ ਮੋਹਤਬਰ ਹਾਜ਼ਰ ਸਨ।
