SGPC ਪਬਲੀਕੇਸ਼ਨ ਬ੍ਰਾਂਚ ਦੇ ਸਾਬਕਾ ਇੰਚਾਰਜ ਦੇ ਘਰ SIT ਦਾ ਛਾਪਾ


7 ਘੰਟੇ ਚੱਲੀ ਬਰੀਕੀ ਨਾਲ ਜਾਂਚ, ਖੰਗਾਲੇ ਪੁਰਾਣੇ ਰਿਕਾਰਡ
ਮੋਰਿੰਡਾ, 4 ਜਨਵਰੀ (ਸੁਖਵਿੰਦਰ ਸਿੰਘ ਹੈਪੀ) : ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਡ ਆਫਿਸ ਤੋਂ ਲਾਪਤਾ ਹੋਏ 328 ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਜਾਂਚ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕਮੇਟੀ ਨੇ ਪਹਿਲਾਂ ਹੀ 16 ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ਤੋਂ ਬਾਅਦ ਗਠਿਤ ਕੀਤੀ ਗਈ ਐਸ ਆਈ ਟੀ ਵੱਲੋਂ, ਜਿੱਥੇ ਪੰਜਾਬ ਭਰ ਵਿੱਚ 15 ਹੋਰ ਥਾਂਵਾ ਤੇ ਰੇਡ ਕੀਤੀ ਗਈ, ਉੱਥੇ ਹੀ ਮੋਰਿੰਡਾ ਨਿਵਾਸੀ ਪਰਮਦੀਪ ਸਿੰਘ ਖੱਟੜਾ ਪੁੱਤਰ ਕਾਕਾ ਸਿੰਘ, ਵਾਸੀ ਪਿੰਡ ਰਤਨਗੜ੍ਹ, ਹਾਲ ਵਾਸੀ ਵਾਰਡ ਨੰਬਰ 6, ਨੇੜੇ ਵੇਰਕਾ ਚੌਕ ਮੋਰਿੰਡਾ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ। ਜੋ ਕਿ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈਡ ਆਫਿਸ ਸ੍ਰੀ ਅੰਮ੍ਰਿਤਸਰ ਦੀ ਪਬਲੀਕੇਸ਼ਨ ਬ੍ਰਾਂਚ ਦੇ ਇੰਚਾਰਜ ਸਨ। ਇਹ ਰੋਡ ਪੁਲਿਸ ਅਧਿਕਾਰੀਆਂ ਵੱਲੋਂ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਕੀਤੀ ਗਈ ਭੇਡ ਦੌਰਾਨ ਪੁਲਿਸ ਟੀਮ ਵੱਲੋਂ ਪਰਮਦੀਪ ਸਿੰਘ ਖੱਟੜਾ ਦੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ । ਇਸ ਦੌਰਾਨ ਨਾ ਤਾਂ ਕਿਸੇ ਪਰਿਵਾਰਕ ਮੈਂਬਰ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਨਾ ਹੀ ਐਸ ਆਈ ਟੀ ਟੀਮ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਘਰ ਦੇ ਅੰਦਰ ਦਾਖ਼ਲ ਹੋਣ ਦਿੱਤਾ ਗਿਆ। ਜਾਂਚ ਟੀਮ ਵੱਲੋਂ ਜਾਂਚ ਦੀ ਕਾਰਵਾਈ ਪੂਰੀ ਸਾਵਧਾਨੀ ਅਤੇ ਗੁਪਤਤਾ ਨਾਲ ਅੱਗੇ ਵਧਾਈ ਗਈ ਇਹ ਮਾਮਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਗਹਿਰਾ ਸਬੰਧ ਰੱਖਦਾ ਹੈ, ਜਿਸ ਕਾਰਨ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ। ਪ੍ਰਾਪਤ ਜਾਣਕਾਰੀ ਮੁਤਾਬਕ ਐਸ ਆਈ ਟੀ ਟੀਮ ਵੱਲੋਂ ਪਰਮਦੀਪ ਸਿੰਘ ਖੱਟੜਾ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਨਾਲ ਹੀ ਉਨਾ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ ਤਾਂ ਜੋ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਨਾਲ ਜੁੜੇ ਹੋਏ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼, ਰਿਕਾਰਡ ਜਾਂ ਹੋਰ ਮਹਤੱਵ ਪੂਰਨ ਸਬੂਤ ਪ੍ਰਾਪਤ ਕੀਤੇ ਜਾ ਸਕਣ। ਜਾਂਚ ਟੀਮ ਵੱਲੋਂ ਇਸ ਮੌਕੇ ਪਰਮਦੀਪ ਸਿੰਘ ਖੱਟੜਾ ਦੇ ਵਿੱਤੀ ਲੈਣ-ਦੇਣ ਅਤੇ ਪਬਲੀਕੇਸ਼ਨ ਬ੍ਰਾਂਚ ਨਾਲ ਸੰਬੰਧਿਤ ਰਿਕਾਰਡਾਂ ‘ਤੇ ਵੀ ਖ਼ਾਸ ਧਿਆਨ ਦਿੱਤਾ ਗਿਆ। ਲਗਭਗ ਸੱਤ ਘੰਟੇ ਦੀ ਲੰਬੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਤੋਂ ਆਈ ਪੁਲਿਸ ਪਾਰਟੀ ਵਾਪਸ ਚਲੀ ਗਈ ਜਦਕਿ ਇਸ ਦੌਰਾਨ ਪਰਮਦੀਪ ਸਿੰਘ ਤੇ ਘਰ ਤੋਂ ਜਾਂਚ ਤੋਂ ਬਾਅਦ ਪੁਲਿਸ ਦੇ ਹੱਥ ਕੁਝ ਲੱਗਾ ਜਾਂ ਨਹੀਂ ਇਸ ਸਬੰਧੀ ਜਾਂਚ ਕਰਨ ਆਏ ਪੁਲਿਸ ਅਧਿਕਾਰੀਆਂ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ। ਜਾਂਚ ਕਰਨ ਵਾਲੀ ਪੁਲਿਸ ਪਾਰਟੀ ਪਰਮਦੀਪ ਸਿੰਘ ਦੇ ਘਰ ਕੀਤੀ ਗਈ ਜਾਂਚ ਤੋਂ ਬਾਅਦ ਲਗਭਗ ਢਾਈ ਵਜੇ ਰਵਾਨਾ ਹੋ ਗਈ। ਇਸ ਦੌਰਾਨ ਜਾਂਚ ਟੀਮ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨੂੰ ਵੀ ਨੇੜੇ ਨਹੀਂ ਫਟਕਣ ਦਿੱਤਾ ਗਿਆ। ਜਦਕਿ ਪੁਲਿਸ ਪਾਰਟੀ ਆਪਣੇ ਨਾਲ ਪਰਮਦੀਪ ਸਿੰਘ ਨੂੰ ਨਹੀਂ ਲੈ ਕੇ ਗਈ ਜਿਸ ਬਾਰੇ ਪੁਸ਼ਟੀ ਸਥਾਨਕ ਐਸ ਐਚ ਓ ਸਿਟੀ ਗੁਰਮੁਖ ਸਿੰਘ ਵੱਲੋਂ ਕੀਤੀ ਗਈ ਹੈ।
