ਗਾਇਕ ਹਰਜੀਤ ਹਰਮਨ ਅਤੇ ਰੁਪਿੰਦਰ ਹਾਂਡਾ ਨੇ ਫਰਿਜ਼ਨੋ ਵਿਖੇ ਬੰਨੇ ਸੱਭਿਆਚਾਰਕ ਰੰਗ !

0
babushahi-news-(54)-1750130929319

ਫਰਿਜ਼ਨੋ, (ਕੈਲੇਫੋਰਨੀਆਂ) , 17 ਜੂਨ 2025 (ਨਿਊਜ਼ ਟਾਊਨ ਨੈਟਵਰਕ):

ਸਾਂਝਾ ਪੰਜਾਬ ਯੂ.ਐਸ.ਏ. ਦੇ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਵੱਲੋਂ ਸਥਾਨਿਕ ਨਾਂਮਵਰ ਸਖਸੀਅਤ ਅਤੇ ਸ਼ੋ ਪ੍ਰਬੰਧਕ ਸ. ਗੁਰਮੀਤ ਸਿੰਘ ਬਾਜਵਾ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰਕ ਗਾਇਕੀ ਵਿੱਚ ਆਪਣੀ ਸ਼ਾਨਦਾਰ ਵਿਲੱਖਣ ਪਹਿਚਾਣ ਬਣਾ ਚੁੱਕੇ ਗਾਇਕ ਹਰਜੀਤ ਹਰਮਨ ਅਤੇ ਗਾਇਕਾ ਰੁਪਿੰਦਰ ਹਾਂਡਾ ਦਾ ਖੁੱਲਾ ਅਖਾੜਾ ਫਰਿਜ਼ਨੋ ਵਿਖੇ ਲਾਇਆ ਗਿਆ। ਜਿਸ ਵਿੱਚ ਉਨ੍ਹਾਂ ਦਾ ਸਾਥ ਜਸਵੀਰ ਸਿੰਘ ਸਰਾਏ ਅਤੇ ਹੋਰ ਭਾਈਚਾਰੇ ਨੇ ਵੀ ਵੱਧ ਚੜ੍ਹ ਕੇ ਦਿੱਤਾ।


ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਤੋਰ ਤੇ ਗਲੋਬਲ ਪੰਜਾਬ ਟੀ.ਵੀ. ਦੇ ਹੋਸ਼ਟ ਅਤੇ ਅੰਤਰਰਾਸ਼ਟਰੀ ਸਟੇਜ ਹੋਸਟ ਪ੍ਰਦੀਪ ਗਿੱਲ ਨੇ ਬਤੌਰ ਪ੍ਰੋਗਰਾਮ ਹੋਸਟ ਸਭ ਨੂੰ ਜੀ ਆਇਆਂ ਕਹਿੰਦਿਆਂ ਕੀਤੀ। ਜਦ ਕਿ ਗਾਇਕੀ ਦੇ ਖੁੱਲ੍ਹੇ ਅਖਾੜੇ ਦੀ ਸ਼ੁਰੂਆਤ ਸਥਾਨਕ ਗਾਇਕ ਗੁਰਦੀਪ ਧਾਲੀਵਾਲ ਨੇ ਆਪਣੇ ਗੀਤਾਂ ਰਾਹੀਂ ਕੀਤੀ।  ਇਸ ਬਾਅਦ ਚੱਲਿਆ ਖੁੱਲੀ ਸੱਭਿਆਚਾਰਕ ਗਾਇਕੀ ਦਾ ਅਖਾੜਾ। ਜਿਸ ਵਿੱਚ ਗਾਇਕ ਹਰਜੀਤ ਹਰਮਨ ਨੇ ਸੁਰੂਆਤ ਆਪਣੇ ਗੀਤ “ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਏ” ਨਾਲ ਕੀਤੀ। ਇਸ ਬਾਅਦ ਆਪਣੇ ਨਵੇਂ ਗੀਤ  ਅਤੇ ਸਰੋਤਿਆ ਦੀ ਮੰਗ ਤੇ ਪੁਰਾਣੇ ਗੀਤਾਂ ਦੀ ਖੂਬ ਛਹਿਬਰ ਲਾਈ ਕਿ ਹਰ ਕੋਈ ਖ਼ਿਆਲੀ ਪੰਜਾਬ ਪਹੁੰਚਿਆ ਮਹਿਸੂਸ ਕਰ ਰਿਹਾ ਸੀ।  ਇਸ ਬਾਅਦ ਵਾਰੀ ਆਈ ਮਸ਼ਹੂਰ ਗੀਤ “ਕਾਲੀ ਐਕਟਿਵਾਂ” ਵਾਲੀ ਰੁਪਿੰਦਰ ਹਾਂਡਾ ਦੀ। ਜਿਸ ਆਪਣੇ ਗੀਤਾਂ ਰਾਹੀਂ ਖਚਾ-ਖਚ ਸਰੋਤਿਆਂ ਨਾਲ ਭਰੇ ਹਾਲ ਨੂੰ ਆਪਣੇ ਨਾਲ ਨੱਚਣ ਲਾ ਦਿੱਤਾ। ਇੱਕ ਤੋਂ ਬਾਅਦ ਇੱਕ ਗੀਤ ਸਰੋਤਿਆਂ ਨੇ ਪਸੰਦ ਕੀਤਾ ਅਤੇ ਅਨੰਦ ਮਾਣਿਆ।  ਇਸ ਪ੍ਰੋਗਰਾਮ ਦੀ ਇੱਕ ਖਾਸੀਅਤ ਇਹ ਵੀ ਰਹੀ ਕਿ ਚੱਲਦੇ ਪ੍ਰੋਗਰਾਮ ਵਿੱਚ ਕੋਈ ਹੋਰ ਆਈਟਮ, ਜਿਵੇਂ ਗਿੱਧਾ-ਭੰਗੜਾ ਆਦਿਕ ਨਹੀਂ ਪੇਸ਼ ਕੀਤਾ ਗਿਆ। ਇਸ ਸਰੋਤਿਆਂ ਅਤੇ ਗਾਇਕਾਂ ਵਿੱਚ ਨਿਰਵਿਘਨ ਬਣੀ ਇਕਸਾਰਤਾ ਇਸ ਪ੍ਰੋਗਰਾਮ ਨੂੰ ਨਿਰੰਤਰ ਚੱਲਦੇ ਰੱਖਣ ਵਿੱਚ ਸਹਾਇਕ ਹੋਈ।


ਇਸ ਸਮੁੱਚੇ ਪ੍ਰੋਗਰਾਮ ਦੌਰਾਨ ਸਥਾਨਕ ਰੇਡੀਓ ਹੋਸਟ ਗੁਰਦੀਪ ਸ਼ੇਰਗਿੱਲ ਨੇ ਵੀ ਸੁਰੂਆਤ ਦੌਰਾਨ ਸਰੋਤਿਆਂ ਨੂੰ ਸੰਬੋਧਨ ਕੀਤਾ। ਜਦ ਕਿ ਮੁੱਖ ਮਹਿਮਾਨ ਸ. ਨਿਰਮਲ ਸਿੰਘ ਚੰਡੀ ਹੋਰਾਂ ਨੇ ਬੋਲਦਿਆਂ ਪ੍ਰਬੰਧਕਾਂ ਅਤੇ ਸਰੋਤਿਆਂ ਨੂੰ ਅਜਿਹੇ ਚੰਗੇ ਪ੍ਰੋਗਰਾਮ ਕਰਵਾਉਣ ਲਈ ਅਤੇ ਸਫਲਤਾ ਲਈ ਵਧਾਈ ਦਿੱਤੀ। ਇਸ ਸਮੇਂ ਗਰੈਂਡ ਸਪਾਂਸਰ ਪਾਲ ਧਾਲੀਵਾਲ ਅਤੇ ਮੁੱਖ ਮਹਿਮਾਨ ਸ. ਨਿਰਮਲ ਸਿੰਘ ਚੰਡੀ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ਼ ਸੰਚਾਲਕ ਪ੍ਰਦੀਪ ਗਿੱਲ ਨੇ ਆਪਣੀ ਸ਼ਾਇਰੋ-ਸ਼ਾਇਰੀ ਅਤੇ ਨੋਕ-ਝੋਕ ਰਾਹੀਂ ਸ਼ਰੋਤਿਆ ਨੂੰ ਸਫਲਤਾ ਪੂਰਵਕ ਆਪਣੇ ਨਾਲ ਜੋੜੀ ਰੱਖਿਆ। ਜਦ ਕਿ ਮੁੱਖ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਨੇ ਵੀ ਆਪਣੇ ਵਿਚਾਰਾਂ ਦੇ ਨਾਲ-ਨਾਲ ਕਮੇਡੀ ਭਰੇ ਟੋਟਕੇ ਸੁਣਾ ਸਰੋਤਿਆਂ ਨੂੰ ਖੁਸ਼ ਕੀਤਾ। 


ਅੰਤ ਸਥਾਨਕ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸ. ਗੁਰਮੀਤ ਸਿੰਘ ਬਾਜਵਾ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।  ਆਪਣੇ ਸੱਭਿਆਚਾਰਕ ਵਿਰਸੇ ਦੀਆਂ ਸੁਰਾਂ ਨਾਲ ਭਰਿਆ ਅਤੇ ਪੰਜਾਬ ਦੇ ਸੁਨਹਿਰੀ ਰੰਗ ਵਿੱਚ ਰੰਗਿਆ ਇਹ ਗਾਇਕੀ ਦਾ ਅਖਾੜਾ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਸਮੂੰਹ ਪ੍ਰਬੰਧਕ ਅਤੇ ਸਰੋਤੇ ਵਧਾਈ ਦੇ ਪਾਤਰ ਹਨ।

Leave a Reply

Your email address will not be published. Required fields are marked *