ਗਾਇਕ ਸੱਤੀ ਪਾਬਲਾ ਅਤੇ ਗਾਇਕਾ ਫ਼ਲਕ ਇਜ਼ਾਜ ਦਾ ਗੀਤ ‘ਪੰਜਾਬੀ ਸਾਡੀ ਬੋਲੀ’ ਰਿਲੀਜ਼ ਹੋਇਆ


ਔਕਲੈਂਡ 04 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :
ਗਾਖਲ ਗਰੁੱਪ ਪ੍ਰੋਡਕਸ਼ਨ ਅਮਰੀਕਾ ਦੀ ਪੇਸ਼ਕਸ਼, ਪ੍ਰਸਿੱਧ ਲੇਖਕ ਸ੍ਰੀ ਅਸ਼ੋਕ ਭੌਰਾ (ਅਮਰੀਕਾ) ਅਤੇ ਮਸ਼ਹੂਰ ਸ਼ਾਇਰ ਅਫ਼ਜਲ ਸਾਹਿਰ ਦੀ ਇਕ ਹੋਰ ਸੁੰਦਰ ਲਿਖਤ ‘ਪੰਜਾਬੀ ਸਾਡੀ ਬੋਲੀ’ ਨੂੰ ਸੰਗੀਤਕ ਸੁਰਾਂ ਦੇ ਸੰਗ ਟੀਪੂ ਹੈਦਰ ਵੱਲੋਂ ਸਰੋਤਿਆਂ ਦੀ ਝੋਲੀ ਪਾਇਆ ਗਿਆ ਹੈ। ਇਹ ਗੀਤ ਅਮਰੀਕਾ ਰਹਿੰਦਿਆਂ ਕਿਰਤ ਦੇ ਨਾਲ-ਨਾਲ ਗਾਇਕੀ ਦਾ ਸ਼ੌਕ ਪਾਲ ਰਹੇ ਗਾਇਕ ਸੱਤੀ ਪਾਬਲਾ (ਅਰਜਨ ਵੈਲੀ ਗੀਤ ਵਾਲੇ ਗਾਇਕ ਭੁਪਿੰਦਰ ਬੱਬਲ ਦੇ ਭਰਾ) ਅਤੇ ਪ੍ਰਸਿੱਧ ਗਾਇਕਾ ਫ਼ਲਕ ਇਜ਼ਾਜ ਵੱਲੋਂ ਪੇਸ਼ ਕੀਤਾ ਗਿਆ ਹੈ। ਦਿਲ ਟੁੰਬਵੇਂ ਸੰਗੀਤ ਨਾਲ ਸ਼ਿੰਗਾਰੇ ਇਸ ਗੀਤ ਦੇ ਚੰਦ ਛੰਦਾਂ ਦੇ ਵਿਚ ਜਿੱਥੇ ਪੰਜਾਬੀ ਮਾਂ ਬੋਲੀ ਦਾ ਇਤਿਹਾਸਕ ਸਫ਼ਰ ਦਾ ਵਰਨਣ ਕਰ ਦਿੱਤਾ ਗਿਆ ਹੈ, ਉਥੇ ਅੱਜ ਦੇ ਯੁੱਗ ਵਿਚ ਪੰਜਾਬੀਆਂ ਦੀ ਉਚ ਮੰਜ਼ਿਲਾਂ ਦੀ ਝਾਤ ਪਵਾ ਦਿੱਤੀ ਗਈ ਹੈ। ਗੀਤ ਦੇ ਹਰ ਅੰਤਰੇ ਵਿਚ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਸੁਨੇਹਾ ਅਤੇ ਸਾਕਾਰਤਕ ਰਹਿਣ ਦਾ ਹੋਕਾ ਦਿੱਤਾ ਗਿਆ ਹੈ। ਪੂਰਾ ਗੀਤ ਸੁਣਿਆ ਸਭ ਸਰੋਤਿਆਂ ਦੇ ਮੂੰਹੋਂ ਇਹੀ ਨਿਕਲੇਗਾ ਕਿ ‘ਪੰਜਾਬੀਆਂ ਦੀ ਬੱਲੇ-ਬੱਲੇ’। ਪੂਰਾ ਗੀਤ ਸੁਨਣ ਲਈ ਯੂ-ਟਿਊਬ ਲਿੰਕ ਉਤੇ ਕਲਿੱਕ ਕਰੋ। ਇਸ ਸੁੰਦਰ ਗੀਤ ਨੂੰ ਨਵੰਬਰ ਮਹੀਨੇ ਨਿਊਜ਼ੀਲੈਂਡ ਦੇ ਵਿਚ ਮਨਾਏ ਜਾ ਰਹੇ ‘ਛੇਵੇਂ ਪੰਜਾਬੀ ਭਾਸ਼ਾ ਹਫਤੇ (03 ਨਵੰਬਰ 09 ਨਵੰਬਰ)’ ਮੌਕੇ ਸਮਾਗਮਾਂ ਦੇ ਵਿਚ ਖੂਬ ਸੁਣਾਇਆ ਜਾਵੇਗਾ ਤਾਂ ਕਿ ਕੁੱਲ ਦੁਨੀਆ ਦੇ ਵਿਚ ਪੰਜਾਬੀ ਭਾਸ਼ਾ ਦੇ ਝੰਡੇ ਨੂੰ ਹੋਰ ਉਚੱਾ ਚੁੱਕ ਸਕੀਏ। ਇਹ ਗੀਤ ਪ੍ਰਸਿੱਧ ਸਮਾਜ ਸੇਵੀ ਸ. ਹਰਦੇਵ ਸਿੰਘ ਕਾਹਮਾ ਨੂੰ ਸਮਰਪਣ ਕੀਤਾ ਗਿਆ ਹੈ। ਪ੍ਰੋਡਿਊਸਰ ਅਮੋਲਕ ਸਿੰਘ ਗਾਖਲ ਸਭਿਆਚਾਰਕ ਗੀਤਾਂ ਦੇ ਹੁਣ ਜੌਹਰੀ ਬਣ ਗਏ ਲਗਦੇ ਹਨ। ਪੰਜਾਬੀ ਦਾ ਝੰਡਾ ਚੁੱਕਣ ਵਾਲੇ ਸਵ. ਨੰਦ ਲਾਲ ਨੂਰਪੁਰੀ, ਗੀਤਕਾਰ ਬਾਬੂ ਸਿੰਘ ਮਾਨ, ਵਰਲਡ ਬੈਂਕ ਦੇ ਚੇਅਰਮੈਨ ਸ. ਅਜੈ ਸਿੰਘ ਬੰਗਾ, ਗਾਇਕ ਮਲਕੀਤ ਸਿੰਘ ਗੋਲਡਨ ਸਟਾਰ, ਵਿਦੇਸ਼ਾਂ ਵਿਚ ਸੜਕਾਂ ਦੇ ਪੰਜਾਬੀ ਵਿਚ ਨਾਂਅ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਦੇ ਵਿਚ ਪਏ ਯੋਗਦਾਨ ਦੀਆਂ ਕੁਝ ਝਲਕਾਂ ਵਿਚ ਗੀਤ ਵਿਚ ਦਿਖਾਈਆਂ ਗਈਆਂ ਹਨ।