ਕਰਾਟੇ ਚੈਂਪੀਅਨਸ਼ਿਪ ਵਿਚ ਸ਼ਰੇਆਂਸ਼ ਧੀਮਾਨ ਨੇ ਜਿੱਤੀ ਓਰੇਂਜ ਬੈਲਟ


ਮੁੰਬਈ/ਬਲਾਚੌਰ, 28 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਦੇ ਜੰਮਪਲ ਇੰਜੀਨਿਅਰ ਨਵਜੀਤ ਸਿੰਘ ਧੀਮਾਨ ਦੇ ਸਪੁੱਤਰ ਸ਼ਰੇਆਂਸ਼ ਧੀਮਾਨ ਨੇ ਓਰੀਐਂਟਲ ਮਾਰਸ਼ਲ ਆਰਟ ਐਸੋਸੀਏਸ਼ਨ ਇੰਡੀਆ ਵਲੋਂ ਮੁੰਬਈ ਵਿਚ ਹੋਈ ਸ਼ੋਟੋਕਨ ਕਰਾਟੇ ਚੈਂਪੀਅਨਸ਼ਿਪ ਵਿੱਚ ਓਰੇਂਜ ਬੈਲਟ ਜਿੱਤ ਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸ਼ਰੇਆਂਸ਼ ਦੇ ਦਾਦਾ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਸ਼ਰੇਆਂਸ਼ ਜਿਥੇ ਪੜ੍ਹਾਈ ਵਿਚ ਹਮੇਸ਼ਾ ਪਹਿਲੇ ਦਰਜੇ ਵਿੱਚ ਪਾਸ ਹੁੰਦਾ ਹੈ ਉਥੇ ਹੀ ਖੇਡਾਂ ਵਿੱਚ ਡੂੰਘੀ ਦਿਲਚਸਪੀ ਰੱਖਦਾ ਹੈ। ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਪੂਰਾ ਸਮਾਂ ਦੇ ਕੇ ਰੋਜਾਨਾ ਅਭਿਆਸ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਰੇਆਂਸ਼ ਇਸ ਤੋਂ ਪਹਿਲਾਂ ਵੀ ਰਾਜਸਥਾਨ ਵਿਚ ਹੋਈ ਤੈਰਾਕੀ ਅਤੇ ਸਕੇਟਿੰਗ ਚੈਂਪੀਅਨਸ਼ਿਪ ਵੀ ਜਿੱਤ ਚੁੱਕਿਆ ਹੈ ਅਤੇ ਹੁਣ ਕਰਾਟੇ ਵਿੱਚ ਪੂਰੀ ਲਗਨ ਨਾਲ ਖੇਡ ਰਿਹਾ ਹੈ। ਸ਼ਰੇਆਂਸ਼ ਦੇ ਕੋਚ ਸ਼ਿਹਾਨ ਕ੍ਰਿਸ਼ਨਾ ਚਿਤਿਆਲ ਨੇ ਦੱਸਿਆ ਕਿ ਸ਼ਰੇਆਂਸ਼ ਆਪਣੀ ਖੇਡ ਨੂੰ ਪੂਰਾ ਸਮਾਂ ਦਿੰਦਾ ਹੈ ਅਤੇ ਦਿਨੋਂ ਦਿਨ ਆਪਣੀ ਮੇਹਨਤ ਸਦਕਾ ਇਥੋਂ ਤੱਕ ਪਹੁੰਚਿਆ ਹੈ। ਉਨ੍ਹਾਂ ਦਸਿਆ ਕਿ ਸ਼ਰੇਆਂਸ਼ ਨੇ ਪਿਛਲੀ ਚੈਂਪੀਅਨਸ਼ਿਪ ਵਿਚ ਯੈਲੋ ਬੈਲਟ ਜਿੱਤ ਕੇ ਆਪਣੀ ਹਾਜਰੀ ਦਰਜ ਕਾਰਵਾਈ ਸੀ। ਸ਼ਰੇਆਂਸ਼ ਦੇ ਪਿਤਾ ਇੰਜੀਨਿਅਰ ਨਵਜੀਤ ਸਿੰਘ ਧੀਮਾਨ ਨੇ ਦੱਸਿਆ ਕਿ ਸ਼ਰੇਆਂਸ਼ ਦਾ ਸੁਪਨਾ ਕਰਾਟੇ ਖੇਡ ਵਿੱਚ ਬਲੈਕ ਬੈਲਟ ਜਿੱਤਣ ਦਾ ਹੈ ਅਤੇ ਕ੍ਰਿਕਟ ਵਿਚ ਵੀ ਦਿਲਚਸਪੀ ਰੱਖਦਾ ਹੈ ਅਤੇ ਅੱਗੇ ਇਸ ਦੇ ਨਾਲ ਨਾਲ ਕ੍ਰਿਕਟ ਅਕੈਡਮੀ ਵਿਚ ਦਾਖਲਾ ਲੈ ਕੇ ਕ੍ਰਿਕਟ ਵਿੱਚ ਵੀ ਹੱਥ ਅਜਮਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਸ਼ਰੇਆਂਸ਼ ਦੀ ਇਹ ਉਪਲਬਧੀ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੇ ਜਾਂਦੇ ਪੂਰੇ ਸਾਥ,ਸ਼ਰੇਆਂਸ਼ ਦੀ ਸਖਤ ਮਿਹਨਤ ਅਤੇ ਉਸ ਦੇ ਕੋਚ ਸ਼ਿਹਾਨ ਕ੍ਰਿਸ਼ਨਾ ਚਿਤਿਆਲ ਦੀ ਪੂਰੀ ਮਿਹਨਤ ਨਾਲ ਕਰਵਾਈ ਤਿਆਰੀ ਦਾ ਹੀ ਨਤੀਜਾ ਹੈ। ਇਸ ਮੌਕੇ ਤੇ ਸ਼ਰੇਆਂਸ਼ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲਗਿਆ ਰਿਹਾ। ਇਸ ਮੌਕੇ ਤੇ ਪਰਿਵਾਰ ਨੂੰ ਪਰਿਵਾਰਿਕ ਰਿਸ਼ਤੇਦਾਰਾਂ ਤੋਂ ਇਲਾਵਾ ਤੇਜ ਪ੍ਰਕਾਸ਼ ਖਾਸਾ, ਨਰੇਸ਼ ਧੌਲ,ਸਮਰਦੀਪ ਸਿੰਘ, ਸੁਰਜੀਤ ਸਿੰਘ,ਅਸ਼ਵਨੀ ਸ਼ਰਮਾ, ਮੋਹਿਤ ਕੁਮਾਰ, ਜਤਿੰਦਰਪਾਲ ਸਿੰਘ ਕਲੇਰ, ਜਸਵਿੰਦਰ ਮਜਾਰਾ, ਮੋਹਨ ਲਾਲ, ਜਗਤਾਰ ਸਿੰਘ, ਜਸਵਿੰਦਰ ਬੈਂਸ, ਵਿਜੈ ਰਾਣਾ, ਰਵਿੰਦਰ ਰਾਣਾ ਅਤੇ ਦੀਦਾਰ ਸਿੰਘ ਤੋਂ ਇਲਾਵਾ ਹੋਰਾਂ ਨੇ ਵੀ ਵਧਾਈ ਦਿੱਤੀ।