ਬਟਾਲਾ ‘ਚ ਅੱਡਾ ਦਾਲਮ ਵਿਖੇ ਡਾਕਟਰ ਜੋਗਾ ਸਿੰਘ ‘ਤੇ ਚਲਾਈਆਂ ਗੋਲੀਆਂ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ…


ਬਟਾਲਾ, 11 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਸੋਮਵਾਰ ਨੂੰ ਦੁਪਹਿਰ ਡੇਢ ਵਜੇ ਦੇ ਕਰੀਬ ਬਟਾਲਾ ਦੇ ਨਜ਼ਦੀਕੀ ਅੱਡਾ ਦਾਲਮ ਨੰਗਲ ਵਿਖੇ ਗੁਰੂ ਨਾਨਕ ਮੈਡੀਕਲ ਸਟੋਰ ਦੇ ਮਾਲਕ ਡਾਕਟਰ ਜੋਗਾ ਸਿੰਘ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਹਨ। ਗੋਲੀਆਂ ਲੱਗਣ ਨਾਲ ਡਾਕਟਰ ਜੋਗਾ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ ਤੇ ਉਨਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਅੱਡਾ ਵਡਾਲਾ ਬਾਂਗਰ ਵਿਖੇ ਖਹਿਰਾ ਮੈਡੀਕਲ ਸਟੋਰ ਤੇ ਗੋਲੀਆਂ ਚੱਲੀਆਂ ਸਨ ਅਤੇ ਉਸ ਤੋਂ 4 ਘੰਟਿਆਂ ਦੇ ਬਾਅਦ ਅੱਡਾ ਦਾਲਮ ਨੰਗਲ ਵਿਖੇ ਗੋਲੀ ਚੱਲਣ ਦੀ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਡਾਕਟਰ ਜੋਗਾ ਸਿੰਘ ਆਪਣੇ ਮੈਡੀਕਲ ਸਟੋਰ ‘ਤੇ ਬੈਠੇ ਹੋਏ ਸਨ ਕਿ ਕਰੀਬ 1 ਵਜੇ ਦੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ‘ਚੋਂ ਇੱਕ ਨੌਜਵਾਨ ਮੈਡੀਕਲ ਸਟੋਰ ਦੇ ਅੰਦਰ ਆਇਆ ਤੇ ਆਉਂਦਿਆਂ ਹੀ ਉਸਨੇ ਡਾਕਟਰ ਜੋਗਾ ਸਿੰਘ ਤੇ ਸਿੱਧੀਆਂ ਦੋ ਗੋਲੀਆਂ ਚਲਾਈਆਂ। ਗੋਲੀਆਂ ਡਾਕਟਰ ਸਿੰਘ ਦੇ ਮੋਢੇ ਅਤੇ ਬਾਂਹ ‘ਚ ਲੱਗੀਆਂ ਹਨ, ਜਿਸ ਨਾਲ ਉਹ ਗੰਭੀਰ ਰੂਪ ‘ਚ ਜਖਮੀ ਹੋ ਗਏ। ਗੋਲੀਆਂ ਚਲਾਉਣ ਵਾਲੇ ਮੋਟਰਸਾਈਕਲ ‘ਤੇ ਮੌਕੇ ਤੋਂ ਫਰਾਰ ਹੋ ਗਏ ਹਨ। ਇਸ ਘਟਨਾ ਨਾਲ ਅੱਡਾ ਦਾਲਮ ਨੰਗਲ ‘ਚ ਲੋਕਾਂ ਦੇ ਮਨਾਂ ‘ਚ ਡਰ ਪਾਇਆ ਜਾ ਰਿਹਾ ਹੈ। ਉਧਰ ਜਖਮੀ ਜੋਗਾ ਸਿੰਘ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਿਵਲ ਹਸਪਤਾਲ ਪਹੁੰਚ ਗਏ ਅਤੇ ਜ਼ਖ਼ਮੀ ਡਾਕਟਰ ਜੋਗਾ ਸਿੰਘ ਦੇ ਇਲਾਜ ਬਾਰੇ ਡਾਕਟਰਾਂ ਕੋਲੋਂ ਜਾਣਕਾਰੀ ਲਈ ਹੈ। ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ- ਦਿਨ ਵਿਗੜ ਰਹੇ ਹਨ । ਉਹਨਾਂ ਕਿਹਾ ਪੰਜਾਬ ਅੰਦਰ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਖਰਾਬ ਹੋ ਰਹੀ ਹੈ।